ਮਲੋਟ, 25 ਮਈ (ਪਾਟਿਲ)-ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਰਪ੍ਰੀਤ ਸਿੰਘ ਕੋਟਭਾਈ ਨੇ ਮਲੋਟ ਸ਼ਹਿਰ ਦੇ ਸੂਝਵਾਨ ਵੋਟਰਾਂ ਨੂੰ ਨਗਰ ਕੌਂਸਲ ਚੋਣਾਂ ਦੌਰਾਨ ਸੋਚ-ਸਮਝ ਕੇ ਵੋਟ ਪਾਉਣ ਦੀ ਅਪੀਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ ਵਿਚ ਭੁਗਤਣ ਦਾ ਸੱਦਾ ਦਿੱਤਾ ਹੈ | ਹਰਪ੍ਰੀਤ ਸਿੰਘ ਕੋਟਭਾਈ ਨੇ ਆਪਣੀ ਅਪੀਲ ਵਿਚ ਕਿਹਾ ਕਿ ਵੋਟਰ ਵੋਟ ਪਾਉਣ ਤੋਂ ਪਹਿਲਾਂ ਸ਼ਹਿਰ ਵਿਚ ਪਿਛਲੇ ਸਮੇਂ ਦੌਰਾਨ ਸਾਹਮਣੇ ਆਈਆਂ ਸਮੱਸਿਆਵਾਂ ਨੂੰ ਯਾਦ ਰੱਖਣ | ਉਨ੍ਹਾਂ ਕਿਹਾ ਕਿ ਪੀਣ ਵਾਲੇ ਗੰਦੇ ਪਾਣੀ ਦੀ ਸਪਲਾਈ, ਸੀਵਰੇਜ ਓਵਰਫਲੋ ਹੋਣ ਕਾਰਨ ਗਲੀਆਂ ਵਿਚ ਖੜ੍ਹਾ ਪਾਣੀ ਅਤੇ ਸਫ਼ਾਈ ਦੇ ਮਾੜੇ ਪ੍ਰਬੰਧ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ | ਉਨ੍ਹਾਂ ਵਪਾਰੀ ਵਰਗ ਨੂੰ ਸੰਬੋਧਨ ਕਰਦਿਆਂ ਦਾਣਾ ਮੰਡੀ ਵਿਚ ਹੋਈ ਕਥਿਤ ਕੁਰਪਸ਼ਨ ਅਤੇ ਜੀਐਸਟੀ ਕਾਰਨ ਆਈਆਂ ਮੁਸ਼ਕਿਲਾਂ ਦਾ ਜ਼ਿਕਰ ਕੀਤਾ | ਨਾਲ ਹੀ ਉਨ੍ਹਾਂ ਕਾਨੂੰਨ-ਵਿਵਸਥਾ ਦੀ ਸਥਿਤੀ, ਲੁੱਟ-ਖੋਹ ਅਤੇ ਲੋਕਾਂ ਦੀ ਸੁਰੱਖਿਆ ਨਾਲ ਜੁੜੇ ਮਸਲਿਆਂ ਬਾਰੇ ਵੀ ਗੱਲ ਕੀਤੀ | ਕੋਟਭਾਈ ਨੇ ਮਹਿਲਾਵਾਂ, ਵਿਦਿਆਰਥੀਆਂ ਅਤੇ ਗ਼ਰੀਬ ਵਰਗ ਨਾਲ ਸਬੰਧਿਤ ਮਸਲਿਆਂ ਨੂੰ ਉਠਾਉਂਦਿਆਂ ਕਿਹਾ ਕਿ ਹਜ਼ਾਰ ਰੁਪਏ ਦੀ ਗਾਰੰਟੀ, ਆਟਾ-ਦਾਲ ਸਕੀਮ, ਵਿਦਿਆਰਥੀਆਂ ਦੇ ਵਜ਼ੀਫੇ ਅਤੇ ਸਿਹਤ ਬੀਮਾ ਕਾਰਡ ਵਰਗੀਆਂ ਯੋਜਨਾਵਾਂ ਨੂੰ ਲੋਕ ਯਾਦ ਰੱਖਣ | ਉਨ੍ਹਾਂ ਦਾਅਵਾ ਕੀਤਾ ਕਿ ਮੌਜੂਦਾ ਦੌਰ ਵਿਚ ਵੱਖ-ਵੱਖ ਵਰਗਾਂ ਦੀ ਸੁਣਵਾਈ ਨਹੀਂ ਹੋ ਰਹੀ | ਇਸ ਮੌਕੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਨੇ ਆਪਣੇ ਰਾਜਕਾਲ ਦੌਰਾਨ ਅਤੇ ਬਾਦਲ ਪਰਿਵਾਰ, ਖਾਸ ਤੌਰ 'ਤੇ ਬੀਬੀ ਸੁਰਿੰਦਰ ਕੌਰ ਬਾਦਲ ਵਲੋਂ ਮਲੋਟ ਵਿਚ ਕਰਵਾਏ ਵਿਕਾਸ ਕਾਰਜਾਂ ਦਾ ਵੀ ਵੇਰਵਾ ਦਿੱਤਾ | ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਚੌਂਕ ਤੋਂ ਦਾਨੇਵਾਲਾ ਚੌਂਕ ਤੱਕ ਸੜਕਾਂ ਦਾ ਵਿਕਾਸ, ਰੇਲਵੇ ਫੋਰਲੇਨ ਪੁਲ, ਤਹਿਸੀਲ ਕੰਪਲੈਕਸ, ਐਨਸੀਸੀ ਅਕੈਡਮੀ, ਸਬ-ਸਟੇਸ਼ਨ, ਐਸ.ਟੀ.ਪੀ ਅਤੇ ਵਾਟਰ ਵਰਕਸ ਦੇ ਨਵੀਨੀਕਰਨ ਵਰਗੇ ਕਈ ਪ੍ਰੋਜੈਕਟ ਅਕਾਲੀ ਸਰਕਾਰ ਦੇ ਸਮੇਂ ਦੌਰਾਨ ਕਰਵਾਏ ਗਏ ਸਨ | ਉਨ੍ਹਾਂ ਆਰ.ਓ ਪਲਾਂਟਾਂ ਅਤੇ ਪਾਣੀ ਸਪਲਾਈ ਪ੍ਰਬੰਧਾਂ ਨੂੰ ਵੀ ਉਸ ਦੌਰ ਦੀਆਂ ਉਪਲਬਧੀਆਂ ਵਜੋਂ ਦਰਸਾਇਆ | ਹਰਪ੍ਰੀਤ ਸਿੰਘ ਕੋਟਭਾਈ ਨੇ ਮਲੋਟ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਨਗਰ ਕੌਂਸਲ ਚੋਣਾਂ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ ਵਿਚ ਭੁਗਤਣ ਅਤੇ ਕਮੇਟੀ ਬਣਾਕੇ ਸ਼ਹਿਰ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਹਿਯੋਗ ਦੇਣ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਵੀ ਲੋਕ ਸੇਵਾ ਅਤੇ ਸ਼ਹਿਰ ਦੇ ਵਿਕਾਸ ਲਈ ਵਚਨਬੱਧ ਰਿਹਾ ਹੈ ਅਤੇ ਅੱਗੇ ਵੀ ਇਹ ਯਤਨ ਜਾਰੀ ਰਹਿਣਗੇ |