ਮਲੋਟ, 8 ਜੂਨ (ਪਾਟਿਲ)-ਸੋਸ਼ਲ ਮੀਡੀਆ 'ਤੇ ਭਾਜਪਾ ਆਗੂ ਖ਼ਿਲਾਫ਼ ਵਰਤੀ ਗਈ ਭੱਦੀ ਸ਼ਬਦਾਵਲੀ ਦੇ ਮਾਮਲੇ ਵਿਚ ਪੁਲਿਸ ਵਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਤੋਂ ਨਾਰਾਜ਼ ਸ਼ਹਿਰ ਦੇ ਭਾਜਪਾ ਆਗੂਆਂ ਤੇ ਵਰਕਰਾਂ ਵਲੋਂ ਅੱਜ ਥਾਣਾ ਸਿਟੀ ਮਲੋਟ ਵਿਖੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ | ਇਸ ਦੌਰਾਨ ਇਕੱਠੇ ਹੋਏ ਭਾਜਪਾ ਆਗੂਆਂ ਤੇ ਵਰਕਰਾਂ ਨੇ ਪੰਜਾਬ ਪੁਲਿਸ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਪੁਲਿਸ ਪ੍ਰਸ਼ਾਸਨ ਦੇ ਰਵੱਈਏ 'ਤੇ ਗਹਿਰੇ ਰੋਸ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਆਗੂ ਸੋਮਨਾਥ ਕਾਲੜਾ ਨੇ ਦੱਸਿਆ ਕਿ ਸ਼ਹਿਰ ਦੇ ਇਕ ਭਾਜਪਾ ਆਗੂ ਕੇਸ਼ਵ ਸਿਡਾਣਾ ਵਿਰੁੱਧ ਸਰਾਭਾ ਨਗਰ ਦੇ ਰਹਿਣ ਵਾਲੇ ਇਕ ਵਿਅਕਤੀ ਵਲੋਂ ਸੋਸ਼ਲ ਮੀਡੀਆ ਦੇ ਇਕ ਗਰੁੱਪ ਤੇ ਹੋਰ ਕਈ ਐਪਸ 'ਤੇ ਬੇਹੱਦ ਭੱਦੀ ਤੇ ਇਤਰਾਜਯੋਗ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਗਿਆ ਸੀ | ਉਨ੍ਹਾਂ ਕਿਹਾ ਕਿ ਇਸ ਸੰਬੰਧੀ ਕਰੀਬ 5 ਦਿਨ ਪਹਿਲਾਂ ਥਾਣਾ ਸਿਟੀ ਮਲੋਟ ਵਿਖੇ ਲਿਖ਼ਤੀ ਦਰਖ਼ਾਸਤ ਦਿੱਤੀ ਗਈ ਸੀ, ਪਰ ਅਫ਼ਸੋਸ ਦੀ ਗੱਲ ਹੈ ਕਿ ਐੱਸ.ਐੱਸ.ਪੀ. ਸ੍ਰੀ ਮੁਕਤਸਰ ਸਾਹਿਬ, ਡੀ.ਐੱਸ.ਪੀ. ਮਲੋਟ ਅਤੇ ਥਾਣਾ ਸਿਟੀ ਦੇ ਕਿਸੇ ਵੀ ਪੁਲਿਸ ਅਧਿਕਾਰੀ ਵਲੋਂ ਉਕਤ ਵਿਅਕਤੀ ਦੇ ਵਿਰੁੱਧ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਪੀੜਤ ਪੱਖ ਦੀ ਕੋਈ ਸੁਣਵਾਈ ਹੋਈ ਹੈ | ਪੀੜਤ ਭਾਜਪਾ ਆਗੂ ਕੇਸ਼ਵ ਸਿਡਾਣਾ ਨੇ ਦੱਸਿਆ ਕਿ ਉਕਤ ਸਰਾਭਾ ਨਗਰ ਨਿਵਾਸੀ ਵਿਅਕਤੀ ਵਲੋਂ ਪਹਿਲਾਂ ਵੀ ਕਈ ਵਾਰ ਭਾਜਪਾ ਆਗੂਆਂ ਦੇ ਖ਼ਿਲਾਫ਼ ਅਜਿਹੀ ਭੱਦੀ ਸ਼ਬਦਾਵਲੀ ਵਰਤੀ ਜਾਂਦੀ ਰਹੀ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਇਹ ਵਿਅਕਤੀ ਨਾ ਸਿਰਫ਼ ਸ਼ਹਿਰ ਦੇ ਭਾਜਪਾ ਆਗੂਆਂ, ਸਗੋਂ ਹਰ ਮਹੀਨੇ ਜਾਂ ਦੋ ਮਹੀਨਿਆਂ ਬਾਅਦ ਕਿਸੇ ਨਾ ਕਿਸੇ ਹੋਰ ਵਿਅਕਤੀ ਨੂੰ ਵੀ ਆਪਣੀ ਇਸ ਮਾੜੀ ਸੋਚ ਦਾ ਨਿਸ਼ਾਨਾ ਬਣਾਉਂਦਾ ਰਹਿੰਦਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ | ਸੁਸ਼ੀਲ ਗਰੋਵਰ ਸੀਨੀਅਰ ਭਾਜਪਾ ਆਗੂ ਨੇ ਪੁਲਿਸ ਵਲੋਂ ਮਾਮਲੇ ਨੂੰ ਲਟਕਾਉਣ ਅਤੇ ਕੋਈ ਕਾਰਵਾਈ ਨਾ ਕੀਤੇ ਜਾਣ ਨੂੰ ਅਤਿ ਨਿੰਦਣਯੋਗ ਦੱਸਿਆ | ਪ੍ਰਵੀਨ ਮਦਾਨ ਨੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੀ ਤਿੱਖੇ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਪੁਲਿਸ ਨੇ ਤੁਰੰਤ ਦੋਸ਼ੀ ਖ਼ਿਲਾਫ਼ ਸਖ਼ਤ ਕਾਰਵਾਈ ਨਾ ਕੀਤੀ, ਤਾਂ ਭਾਜਪਾ ਵਰਕਰਾਂ ਵਲੋਂ ਇਹ ਰੋਸ ਧਰਨਾ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ | ਇਸ ਰੋਸ ਪ੍ਰਦਰਸ਼ਨ ਦੌਰਾਨ ਸ਼ਹਿਰ ਦੇ ਵੱਡੀ ਗਿਣਤੀ ਵਿਚ ਹੋਰ ਭਾਜਪਾ ਆਗੂ, ਅਹੁਦੇਦਾਰ ਅਤੇ ਵਰਕਰ ਮੌਜੂਦ ਸਨ |