ਸ੍ਰੀ ਮੁਕਤਸਰ ਸਾਹਿਬ, 8 ਜੂਨ (ਰਣਜੀਤ ਸਿੰਘ ਢਿੱਲੋਂ)-ਭਗਵੰਤ ਮਾਨ ਸਰਕਾਰ ਵਲੋਂ ਨਵੀਆਂ ਬਣਾਈਆਂ ਸੜਕਾਂ ਨੇ ਆਵਾਜਾਈ ਨੂੰ ਸੁਖਾਲਾ ਕਰ ਦਿੱਤਾ ਹੈ | ਕਈ ਪਿੰਡਾਂ ਦੀਆਂ ਸੰਪਰਕ ਸੜਕਾਂ ਬਣ ਗਈਆਂ ਹਨ, ਜਿਸ ਨਾਲ ਲੰਮੇ ਸਮੇਂ ਤੋਂ ਖ਼ਸਤਾ ਹਾਲਤ ਸੜਕਾਂ ਤੋਂ ਗੁਜ਼ਰਦੇ ਰਾਹਗੀਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਹੈ | ਸੜਕਾਂ ਲੰਮੇ ਸਮੇਂ ਤੋਂ ਖ਼ਸਤਾ ਹਾਲਤ ਵਿਚ ਸਨ ਅਤੇ ਥਾਂ-ਥਾਂ ਪਏ ਹੋਏ ਖੱਡੇ ਹਾਦਸਿਆਂ ਦਾ ਕਾਰਨ ਬਣਦੇ ਸਨ ਅਤੇ ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਰਾਹਗੀਰਾਂ ਨੂੰ ਵੀ ਖ਼ੱਜਲ-ਖ਼ੁਆਰੀ ਅਤੇ ਕੀਮਤੀ ਸਮਾਂ ਵਧ ਸੜਕਾਂ 'ਤੇ ਗੁਜ਼ਾਰਨਾ ਪੈਂਦਾ ਸੀ | ਪਿਛਲੇ ਸਮੇਂ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਸੀ ਕਿ ਪੰਜਾਬ ਭਰ ਵਿਚ ਨਵੀਆਂ ਸੜਕਾਂ ਬਣਨਗੀਆਂ ਤੇ ਜਿਸ ਮਗਰੋਂ ਸੜਕਾਂ 'ਤੇ ਪ੍ਰੀਮਿਕਸ ਪੈਣਾ ਸ਼ੁਰੂ ਹੋਇਆ ਅਤੇ ਲੋਕਾਂ ਨੇ ਰਾਹਤ ਮਹਿਸੂਸ ਕੀਤੀ | ਬਹੁਤ ਸੜਕਾਂ 'ਤੇ ਪ੍ਰੀਮਿਕਸ ਪਾਉਣ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ ਅਤੇ ਕਈਆਂ 'ਤੇ ਪ੍ਰੀਮਿਕਸ ਪੈਣ ਦਾ ਕੰਮ ਰਹਿੰਦਾ ਹੈ | ਜੇਕਰ ਸ੍ਰੀ ਮੁਕਤਸਰ ਸਾਹਿਬ ਦੀ ਬਠਿੰਡਾ ਰੋਡ ਤੋਂ ਪਿੰਡ ਥਾਂਦੇਵਾਲਾ ਨੂੰ ਨਿਕਲਦੀ ਸੜਕ ਦੀ ਗੱਲ ਕਰੀਏ ਤਾਂ ਇਹ ਬਹੁਤ ਸਮੇਂ ਤੋਂ ਖ਼ਸਤਾ ਹਾਲਤ ਵਿਚ ਸੀ ਅਤੇ ਇੱਥੋਂ ਲੰਘਦੀਆਂ ਗੱਡੀਆਂ ਦੀ ਟੁੱਟ-ਭੱਜ ਹੁੰਦੀ ਸੀ ਅਤੇ ਚਾਲਕ ਬਹੁਤ ਪ੍ਰੇਸ਼ਾਨੀ ਨਾਲ ਮੰਜ਼ਿਲ ਵੱਲ ਵਧਦੇ ਸਨ, ਪਰ ਹੁਣ ਇਹ ਸੜਕ ਨਵੀਂ ਨਕੋਰ ਬਣ ਗਈ ਹੈ | ਸੜਕ ਬਣਨ ਮਗਰੋਂ ਦੋਵੇਂ ਸਾਈਡਾਂ 'ਤੇ ਚਿੱਟੀ ਪੱਟੀ ਲਾ ਦਿੱਤੀ ਗਈ ਹੈ, ਪਰ ਆਸਪਾਸ ਸੜਕ ਨੂੰ ਬਚਾਉਣ ਲਈ ਲੋਕਾਂ ਨੂੰ ਵੀ ਹਿੰਮਤ ਕਰਨੀ ਚਾਹੀਦੀ ਹੈ ਅਤੇ ਜਿੱਥੇ ਖੇਤਾਂ ਦੇ ਮੱਥੇ ਮਿੱਟੀ ਲਾਉਣ ਦੀ ਲੋੜ ਹੈ, ਉਸ ਨੂੰ ਲਾਏ ਜਾਣਾ ਚਾਹੀਦਾ ਹੈ | ਕਿਉਂਕਿ ਬਹੁਤ ਵੱਡੇ ਖ਼ਰਚੇ ਨਾਲ ਸੜਕਾਂ ਬਣਦੀਆਂ ਹਨ ਅਤੇ ਇਸ ਦੀ ਸੰਭਾਲ ਕਰਨੀ ਵੀ ਲੋਕਾਂ ਦਾ ਫ਼ਰਜ਼ ਬਣਦਾ ਹੈ | ਇਸ ਤਰਾਂ ਹੀ ਪਿੰਡ ਸੰਗੂਧੌਣ ਤੋਂ ਪਿੰਡ ਥਾਂਦੇਵਾਲਾ ਨੂੰ ਜਾਂਦੀ ਸੜਕ ਵੀ ਨਵੀਂ ਬਣ ਗਈ ਅਤੇ ਪ੍ਰੀਮਿਕਸ ਪੈਣ ਨਾਲ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਹੈ | ਇਸ ਤਰਾਂ ਹੀ ਪਿੰਡ ਥਾਂਦੇਵਾਲਾ ਤੋਂ ਨਹਿਰਾਂ ਦੇ ਹੈੱਡ ਤੱਕ ਖਿੜਕੀਆਂਵਾਲਾ ਨੂੰ ਜਾਂਦੀ ਸੜਕ ਵੀ ਨਵੀਂ ਬਣੀ ਹੈ | ਸ੍ਰੀ ਮੁਕਤਸਰ ਸਾਹਿਬ ਤੇ ਗਿੱਦੜਬਾਹਾ ਹਲਕੇ ਵਿਚ ਪੈਂਦੀਆਂ ਕਈ ਸੜਕਾਂ ਨਵੀਆਂ ਬਣ ਚੁੱਕੀਆਂ ਹਨ, ਜਿਸ ਲਈ ਸੰਬੰਧਿਤ ਦਰਜਨਾਂ ਪਿੰਡਾਂ ਦੇ ਲੋਕਾਂ ਨੇ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ, ਗਿੱਦੜਬਾਹਾ ਦੇ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ | ਇਸ ਤਰਾਂ ਹੀ ਜਿਹੜੀਆਂ ਸੜਕਾਂ ਬਣਨ ਵਾਲੀਆਂ ਹਨ ਅਤੇ ਬਹੁਤ ਖ਼ਸਤਾ ਹਾਲਤ ਵਿਚ ਹਨ | ਉਨਾਂ ਵੱਲ ਵੀ ਪੰਜਾਬ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ | ਪ੍ਰੀਮਿਕਸ ਬਰਸਾਤ ਰੁੱਤ ਤੋਂ ਪਹਿਲਾਂ ਪਾਏ ਜਾਣ ਦੀ ਲੋੜ ਹੈ, ਜਿੱਥੇ ਸੜਕਾਂ 'ਤੇ ਮੋਟਾ ਪੱਥਰ ਸੁੱਟਿਆ ਜਾ ਚੁੱਕਿਆ ਹੈ ਪਰ ਅਜੇ ਤੱਕ ਪ੍ਰੀਮਿਕਸ ਨਹੀਂ ਪਿਆ, ਰਾਹਗੀਰਾਂ ਨੂੰ ਮੁਸ਼ਕਿਲ ਪੇਸ਼ ਆ ਰਹੀ ਹੈ | ਉਨਾਂ ਸੜਕਾਂ 'ਤੇ ਵੀ ਬਾਰਿਸ਼ ਦੀ ਰੁੱਤ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਪੰਜਾਬ ਸਰਕਾਰ ਨੂੰ ਤੁਰੰਤ ਪ੍ਰੀਮਿਕਸ ਪਵਾਉਣਾ ਚਾਹੀਦਾ ਹੈ ਤਾਂ ਜੋ ਆ ਰਹੀ ਮੁਸ਼ਕਿਲ ਤੋਂ ਲੋਕ ਛੁਟਕਾਰਾ ਪਾ ਸਕਣ |