06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਵਿਸ਼ੇਸ਼ ਰਿਪੋਰਟ ਕੇਂਦਰ ਸਰਕਾਰ ਵਲੋਂ ਸ੍ਰੀ ਮੁਕਤਸਰ ਸਾਹਿਬ ਦਾ ਰੇਲਵੇ ਸਟੇਸ਼ਨ ਆਧੁਨਿਕ ਸਹੂਲਤਾਂ ਨਾਲ ਤਿਆਰ

Ad Position 21
No active advertisement
ਅਜੀਤ ਡੈਸਕ 16-07-2026
ਸ੍ਰੀ ਮੁਕਤਸਰ ਸਾਹਿਬ, 15 ਜੁਲਾਈ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਜੁਲਾਈ ਨੂੰ ਪੰਜਾਬ ਦੇ ਚਾਰ ਅੰਮ੍ਰਿਤ ਭਾਰਤ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨਗੇ, ਜਿਸ ਵਿਚ ਸ੍ਰੀ ਮੁਕਤਸਰ ਸਾਹਿਬ ਦਾ ਆਧੁਨਿਕ ਰੇਲਵੇ ਸਟੇਸ਼ਨ ਵੀ ਸ਼ਾਮਿਲ ਹੈ। ਜਲੰਧਰ ਕੈਂਟ ਤੋਂ ਪ੍ਰਧਾਨ ਮੰਤਰੀ ਸ੍ਰੀ ਮੁਕਤਸਰ ਸਾਹਿਬ ਦੇ ਰੇਲਵੇ ਸਟੇਸ਼ਨ ਨੂੰ ਵਰਚੂਅਲ ਮਾਧਿਅਮ ਰਾਹੀਂ ਦੇਸ਼ ਨੂੰ ਸਮਰਪਿਤ ਕਰਨਗੇ। ਇਸ ਸੰਬੰਧੀ ਤਿਆਰੀਆਂ ਚੱਲ ਰਹੀਆਂ ਹਨ ਅਤੇ ਰੇਲਵੇ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਪੂਰੇ ਸਰਗਰਮ ਹਨ। ਸ੍ਰੀ ਮੁਕਤਸਰ ਸਾਹਿਬ ਦੇ ਰੇਲਵੇ ਸਟੇਸ਼ਨ ਨੂੰ ਉਦਘਾਟਨੀ ਤਿਆਰੀਆਂ ਲਾਈ ਦੁਲਹਨ ਵਾਂਗ ਸਜਾਇਆ ਜਾ ਰਿਹਾ ਹੈ। ਰੇਲਵੇ ਟਰੈਕ ’ਤੇ ਤਿੰਨ ਰੰਗ ਕਰਕੇ ਸੁੰਦਰ ਸਜਾਵਟ ਕੀਤੀ ਜਾ ਰਹੀ ਹੈ। ਰੇਲਵੇ ਸਟੇਸ਼ਨ ਦੇ ਦਾਖ਼ਲੇ ’ਤੇ ਵੀ ਰੰਗੋਲੀ ਤੋਂ ਇਲਾਵਾ ਵੱਖ-ਵੱਖ ਰੰਗਾਂ ਨਾਲ ਸਜਾਵਟ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਵੱਡਾ ਵਾਟਰ ਪਰੂਫ ਟੈਂਟ ਲਾਇਆ ਜਾ ਰਿਹਾ ਹੈ, ਤਾਂ ਜੋ ਇਲਾਕਾ ਵਾਸੀ ਉਦਘਾਟਨੀ ਸਮਾਗਮ ਵਿਚ ਸ਼ਾਮਿਲ ਹੋ ਸਕਣ। ਇਸ ਸੰਬੰਧੀ ਉਦਘਾਟਨ ਸਮਾਰੋਹ ਵਿਚ ਸ਼ਾਮਿਲ ਹੋਣ ਵਾਲੇ ਆਗੂਆਂ ਤੇ ਲੋਕਾਂ ਲਈ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਛਾਂ, ਪਾਣੀ ਸਮੇਤ ਸਾਰੇ ਪ੍ਰਬੰਧ ਕਰਨ ਵਿਚ ਵਿਭਾਗੀ ਅਮਲਾ ਜੁਟਿਆ ਹੋਇਆ ਹੈ। ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਕਰੀਬ 21 ਕਰੋੜ 24 ਲੱਖ ਰੁਪਏ ਦੀ ਲਾਗਤ ਨਾਲ ਸ੍ਰੀ ਮੁਕਤਸਰ ਸਾਹਿਬ ਦੇ ਰੇਲਵੇ ਸਟੇਸ਼ਨ ਦਾ ਨਵ-ਨਿਰਮਾਣ ਕੀਤਾ ਗਿਆ ਹੈ। ਆਧੁਨਿਕ ਸਹੂਲਤਾਂ ਨਾਲ ਲੈਸ ਇਸ ਸਟੇਸ਼ਨ ਦਾ ਉਦੇਸ਼ ਯਾਤਰੀਆਂ ਨੂੰ ਸੁਰੱਖਿਆ ਸਮੇਤ ਸਾਰੀਆਂ ਸਹੂਲਤਾਂ ਨੂੰ ਮੁਹੱਈਆ ਕਰਵਾਉਣਾ ਹੈ। ਰੇਲਵੇ ਸਟੇਸ਼ਨ ਦੇ ਭਵਨ ਨੂੰ ਨਵਾਂ ਰੂਪ ਦੇ ਕੇ ਖਿੱਚ ਦਾ ਕੇਂਦਰ ਬਣਾਇਆ ਗਿਆ ਹੈ। ਰੇਲਵੇ ਸਟੇਸ਼ਨ ਦੇ ਪ੍ਰਮੁੱਖ ਦਾਖ਼ਲਾ ਗੇਟ, ਯਾਤਰੀਆਂ ਦੇ ਬੈਠਣ ਲਈ ਸਥਾਨ, ਅੰਦਰ ਤੇ ਬਾਹਰ ਜਾਣ ਲਈ ਅਲੱਗ-ਅਲੱਗ ਗੇਟ, ਪਾਣੀ ਦੀ ਸਪਲਾਈ ਲਈ ਬੂਥ, ਸੁੰਦਰ ਟਿਕਟ ਖਿੜਕੀਆਂ, ਔਰਤ, ਮਰਦ ਤੇ ਅਪਾਹਜ਼ ਵਿਅਕਤੀਆਂ ਲਈ ਵੱਖ-ਵੱਖ ਪਖਾਨੇ ਬਣਾਏ ਗਏ ਹਨ। ਸਟੇਸ਼ਨ ’ਤੇ 12 ਮੀਟਰ ਚੌੜਾ ਆਧੁਨਿਕ ਰੂਫ਼ ਪਲਾਜ਼ਾ ਬਣਾਇਆ ਗਿਆ ਹੈ, ਜੋ ਯਾਤਰੀਆਂ ਲਈ ਖਿੱਚ ਦਾ ਕੇਂਦਰ ਬਣੇਗਾ। ਰੇਲਵੇ ਟਿਕਟ ਬੁਕਿੰਗ ਦਫ਼ਤਰ ਏ.ਸੀ. ਕੀਤੇ ਗਏ ਹਨ। ਮੁਸਾਫ਼ਰਾਂ ਦੀਆਂ ਗੱਡੀਆਂ ਅਤੇ ਰੇਲਵੇ ਸਟੇਸ਼ਨ ’ਤੇ ਆਉਣ ਵਾਲੇ ਲੋਕਾਂ ਲਈ ਪਾਰਕਿੰਗ ਬਣਾਈ ਗਈ ਹੈ ਤਾਂ ਜੋ ਸੁਰੱਖਿਅਤ ਵਹੀਕਲਾਂ ਨੂੰ ਰੋਕਿਆ ਜਾ ਸਕੇ। ਸਟੇਸ਼ਨ ਦੇ ਦੋਵੇਂ ਪ੍ਰਵੇਸ਼ ਗੇਟਾਂ ਦੇ ਨਾਲ ਆਧੁਨਿਕ ਫ਼ਰਨੀਚਰ ਲਾਇਆ ਗਿਆ ਹੈ। ਅੰਗਹੀਣ ਵਿਅਕਤੀਆਂ ਦੀ ਸਹੂਲਤ ਲਈ ਉਨ੍ਹਾਂ ਦੇ ਅਨੁਕੂਲ ਰੈਂਪ ਬਣਾਏ ਗਏ ਹਨ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਬੁਕਿੰਗ ਦਫ਼ਤਰ, ਪਖਾਨੇ ਅਤੇ ਹੋਰ ਥਾਵਾਂ ਦਾ ਨਵੀਨੀਕਰਨ ਕੀਤਾ ਗਿਆ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦਾ ਮੁੱਖ ਉਦੇਸ਼ ਦੇਸ਼ ਭਰ ਦੇ ਪ੍ਰਮੁੱਖ ਰੇਲਵੇ ਸਟੇਸ਼ਨਾਂ ਨੂੰ ਆਧੁਨਿਕ ਰੂਪ ਦੇਣਾ ਅਤੇ ਯਾਤਰੀਆਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਇਸ ਯੋਜਨਾ ਦੇ ਤਹਿਤ ਹੀ ਆਸਪਾਸ ਦੇ ਏਰੀਏ ਵਿਚ ਸੜਕਾਂ, ਫੁੱਟਪਾਥ ਅਤੇ ਹੋਰ ਢਾਂਚੇ ਦਾ ਵਿਕਾਸ ਵੀ ਕੀਤਾ ਜਾ ਰਿਹਾ ਹੈ, ਤਾਂ ਜੋ ਰੇਲਵੇ ਮੁਸਾਫ਼ਰਾਂ ਨੂੰ ਸਟੇਸ਼ਨ ਤੱਕ ਪਹੁੰਚਣ ਲਈ ਕਿਸੇ ਪ੍ਰਕਾਰ ਦੀ ਪ੍ਰੇਸ਼ਾਨੀ ਨਾ ਹੋਵੇ। ਰੇਲਵੇ ਸਟੇਸ਼ਨ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ ਅਤੇ ਪ੍ਰਧਾਨ ਮੰਤਰੀ 17 ਜੁਲਾਈ ਨੂੰ ਇਸ ਰੇਲਵੇ ਸਟੇਸ਼ਨ ਨੂੰ ਲੋਕ ਅਰਪਣ ਕਰਨਗੇ, ਜਿਸ ਨੂੰ ਲੈ ਕੇ ਇਲਾਕਾ ਵਾਸੀਆਂ ਵਿਚ ਖ਼ੁਸ਼ੀ ਦਾ ਆਲਮ ਹੈ। ਇਸ ਉਦਘਾਟਨੀ ਸਮਾਗਮ ਨੂੰ ਲੈ ਕੇ ਤਿਆਰੀਆਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਲਾਕਾ ਵਾਸੀ ਵੱਡੀ ਗਿਣਤੀ ਵਿਚ 17 ਜੁਲਾਈ ਨੂੰ ਆਧੁਨਿਕ ਰੇਲਵੇ ਸਟੇਸ਼ਨ ਸ੍ਰੀ ਮੁਕਤਸਰ ਸਾਹਿਬ ਦੇ ਵਰਚੂਅਲ ਉਦਘਾਟਨੀ ਸਮਾਗਮ ਵਿੱਚ ਸ਼ਾਮਿਲ ਹੋਣਗੇ।
Ad Position 22
No active advertisement
ਪਿਛਲੀ ਖ਼ਬਰ 1995 ਦੀਆਂ ਘਟਨਾਵਾਂ ਨਾਲ ਮੇਰਾ ਕੋਈ ਸੰਬੰਧ ਨਹੀਂ, ਸੋਸ਼ਲ ਮੀਡੀਆ ’ਤੇ ਮੇਰੀ ਤਸਵੀਰ ਗਲਤ ਢੰਗ ਨਾਲ ਵਰਤੀ ਗਈ-ਡੀ.ਐਸ.ਪੀ. ਜ... ਅਗਲੀ ਖ਼ਬਰ ਸਿਵਲ ਸਰਜਨ ਵਲੋਂ ਨਵੇਂ ਬਣੇ ਆਦਮੀ ਕਲੀਨਿਕ ਲਈ ਡਾਕਟਰਾਂ ਨੂੰ ਦਿੱਤੇ ਗਏ ਨਿਯੁਕਤੀ ਪੱਤਰ
Ad Position 24
No active advertisement