ਸ੍ਰੀ ਮੁਕਤਸਰ ਸਾਹਿਬ, 21 ਜੁਲਾਈ (ਰਣਜੀਤ ਸਿੰਘ ਢਿੱਲੋਂ)-ਭਾਰਤੀ ਜਨਤਾ ਪਾਰਟੀ ਮੰਡੀ ਬਰੀਵਾਲਾ ਦੀ ਮੀਟਿੰਗ ਸਤਪਾਲ ਸ਼ਰਮਾ ਸਾਬਕਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ ਵਿਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿਛਲੇ ਸਮੇਂ ਵਿਚ ਜ਼ਿਲ੍ਹੇ ਦੀ ਲੀਡਰਸ਼ਿਪ ਵਲੋਂ ਕੀਤੀ ਗਈ ਕਾਰਗੁਜ਼ਾਰੀ ਅਤੇ ਅੱਗੇ ਤੋਂ ਜੋ ਕਾਰਗੁਜ਼ਾਰੀ ਹੋ ਰਹੀ ਹੈ, ਉਸ ਸੰਬੰਧ ਵਿਚ ਡੂੰਘਾਈ ਨਾਲ ਚਰਚਾ ਕੀਤੀ ਗਈ। ਮੀਟਿੰਗ ਵਿਚ ਮੰਡਲ ਬਰੀਵਾਲਾ ਦੇ ਵੱਖ-ਵੱਖ ਪਿੰਡਾਂ, ਸਥਾਨਕ ਸੀਨੀਅਰ ਆਗੂਆਂ ਤੇ ਵਰਕਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਪਿੰਡਾਂ ਵਿਚ ਵਰਕਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੇ ਪੰਜਾਬ ਸਰਕਾਰ ਵਲੋਂ ਕੇਂਦਰ ਸਰਕਾਰ ਦੁਆਰਾ ਚੱਲ ਰਹੀਆਂ ਸਕੀਮਾਂ ਸੰਬੰਧੀ ਕੀਤਾ ਜਾ ਰਿਹਾ ਪੱਖਪਾਤ ਜਿਵੇਂ ਕਿ ਆਵਾਸ ਯੋਜਨਾ, ਰਾਸ਼ਨ ਕਿੱਟਾਂ ਸਪਲਾਈ ਵਿਚ ਮੌਜੂਦਾ ਡੀਪੂ ਹੋਲਡਰਾਂ ਵਲੋਂ ਪ੍ਰੇਸ਼ਾਨ ਕਰਨ ਸੰਬੰਧੀ ਅਤੇ ਪਾਰਟੀ ਹਾਈਕਮਾਂਡ ਵਲੋਂ ਦੁਬਾਰਾ ਉਹੀ ਭਾਜਪਾ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕਰਨ ਸੰਬੰਧੀ ਵੱਖ-ਵੱਖ ਆਪਣੇ ਵਿਚਾਰ ਸਾਂਝੇ ਕੀਤੇ। ਮੀਟਿੰਗ ਵਿਚ ਵਿਧਾਨ ਸਭਾ 2027 ਦੀਆਂ ਚੋਣਾਂ ਸੰਬੰਧੀ ਵਿਚਾਰ ਚਰਚਾ ਕੀਤੀ ਗਈ ਅਤੇ ਸਾਰੇ ਆਗੂਆਂ ਤੇ ਵਰਕਰਾਂ ਵਲੋਂ ਇਕਜੁੱਟ ਹੋ ਕੇ ਇਕ-ਦੂਜੇ ਦੇ ਨਾਲ ਚੱਲਣ ਅਤੇ ਪਿੰਡਾਂ ਵਿਚ ਵੱਧ ਤੋਂ ਵੱਧ ਵਰਕਰਾਂ ਨੂੰ ਨਾਲ ਜੋੜਨ ਸੰਬੰਧੀ ਵਿਸ਼ਵਾਸ ਦਿਵਾਇਆ ਗਿਆ। ਇਸ ਤੋਂ ਇਲਾਵਾ ਭਾਜਪਾ ਦੀ ਵੱਡੀ ਮੀਟਿੰਗ ਮੰਡੀ ਬਰੀਵਾਲਾ ਵਿਖੇ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਮੌਕੇ ਡਾਕਟਰ ਸੁਖਦੇਵ ਸਿੰਘ ਬੁੱਟਰ, ਸੁਖਜਿੰਦਰ ਸਿੰਘ ਧੰਜਣ, ਦਰਸ਼ਨ ਸਿੰਘ ਜ਼ੈਲਦਾਰ, ਬਖ਼ਸ਼ੀਸ਼ ਸਿੰਘ ਇਕਬਾਲ ਸਿੰਘ, ਅੰਗਰੇਜ ਸਿੰਘ, ਜਗਮੀਤ ਸਿੰਘ ਬਰੀਵਾਲਾ, ਨਸੀਬ ਸਿੰਘ ਜੰਮੂਆਣਾ, ਰੂਪ ਸਿੰਘ ਤਖਤਮਲਾਣਾ, ਗੁਰਦੇਵ ਸਿੰਘ ਸੰਗਰਾਣਾ, ਮੰਦਰ ਸਿੰਘ ਸੰਗਰਾਣਾ, ਯੁਵਰਾਜ ਸ਼ਰਮਾ, ਗੁਰਪਿਆਰ ਸਿੰਘ, ਜਸਵਿੰਦਰ ਸਿੰਘ ਬੱਬੀ, ਰਮਨ ਕੁਮਾਰ ਆਦਿ ਹਾਜ਼ਰ ਸਨ।