ਮਲੋਟ, 21 ਜੁਲਾਈ (ਪਾਟਿਲ)-ਨਗਰ ਕੌਂਸਲ ਮਲੋਟ ਦੀ ਕਮੇਟੀ ਦੀ ਪਹਿਲੀ ਮੀਟਿੰਗ ਪ੍ਰਧਾਨ ਜੋਨੀ ਗਰਗ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿਚ ਸਮੂਹ ਕੌਂਸਲਰਾਂ ਨੇ ਹਿੱਸਾ ਲਿਆ। ਮੀਟਿੰਗ ਸੰਬੰਧੀ ਉਪਰੰਤ ਪ੍ਰਧਾਨ ਜੋਨੀ ਗਰਗ ਅਨੁਸਾਰ ਕੌਂਸਲਰਾਂ ਦੀ ਸਹਿਮਤੀ ਨਾਲ ਕੁੱਲ 14 ਮਤਿਆਂ ਨੂੰ ਮਨਜ਼ੂਰੀ ਦਿੱਤੀ ਗਈ, ਜਿਸ ਵਿਚ 63 ਲੱਖ ਰੁਪਏ ਦੀ ਲਾਗਤ ਨਾਲ ਸ਼ਹਿਰ ਦੀਆਂ ਸਟਰੀਟ ਲਾਈਟਾਂ ਲਈ ਪੀ.ਵੀ.ਸੀ. ਤਾਰਾਂ ਵਿਛਾਉਣ ਦਾ ਮਤਾ ਪਾਸ ਕੀਤਾ ਗਿਆ ਹੈ। ਸ਼ਹਿਰ ਵਿਚ ਟ੍ਰੈਫ਼ਿਕ ਵਿਵਸਥਾ ਨੂੰ ਸੁਚਾਰੂ ਬਣਾਉਣ ਲਈ ਨਾਮਾਤਰ ਫ਼ੀਸ ਵਾਲੀ ਪੇਡ ਪਾਰਕਿੰਗ ਸ਼ੁਰੂ ਕਰਨ ਦਾ ਵੀ ਫ਼ੈਸਲਾ ਲਿਆ ਗਿਆ। ਇਕ ਹੋਰ ਅਹਿਮ ਮਤੇ ਵਿਚ 15 ਕਰੋੜ ਰੁਪਏ ਦੀ ਲਾਗਤ ਨਾਲ ਗੁਰੂ ਰਵਿਦਾਸ ਨਗਰ ਵਿਚ ਵਿਸ਼ਾਲ ਕੌਰੀਡੋਰ (ਹੈਰੀਟੇਜ ਸਟਰੀਟ) ਬਣਾਉਣ ਦੇ ਪ੍ਰੋਜੈਕਟ ਨੂੰ ਵੀ ਮਨਜ਼ੂਰੀ ਦਿੱਤੀ ਗਈ। ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਸ਼ਹਿਰ ਵਿਚ ਪੈਦਾ ਹੋਈ ਗੰਦਗੀ ਦੇ ਮੱਦੇਨਜ਼ਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪ੍ਰਾਈਵੇਟ ਸਫ਼ਾਈ ਕਰਮਚਾਰੀਆਂ ਰਾਹੀਂ ਕੂੜਾ ਚੁਕਵਾਉਣ ਲਈ ਵੀ ਸਹਿਮਤੀ ਦਿੱਤੀ ਗਈ। ਇਸ ਤੋਂ ਇਲਾਵਾ ਸ਼ਹਿਰ ਵਿਚ ਗੰਦੇ ਪਾਣੀ ਦੀ ਸਪਲਾਈ ਦੇ ਮੁੱਦੇ ’ਤੇ ਪ੍ਰਧਾਨ ਨੇ ਕਿਹਾ ਕਿ ਨਗਰ ਕੌਂਸਲ ਇਸ ਸਮੱਸਿਆ ਦੇ ਹੱਲ ਲਈ ਲੋਕਾਂ ਨੂੰ ਥੋੜ੍ਹਾ ਸਮਾਂ ਦੇਣ ਦੀ ਅਪੀਲ ਕੀਤੀ ਅਤੇ ਭਰੋਸਾ ਦਿਵਾਇਆ ਕਿ ਇਸ ਸਮੱਸਿਆ ਦਾ ਵੀ ਜਲਦ ਹੀ ਹੱਲ ਕੀਤਾ ਜਾਵੇਗਾ।