ਪਿੰਡ ਗੁਰੂਸਰ ’ਚ ਲਗਾਤਾਰ ਟਰਾਂਸਫ਼ਾਰਮਰ ਅਤੇ ਮੋਟਰਾਂ ਚੋਰੀ ਹੋਣ ਦਾ ਸਿਲਸਿਲਾ ਜਾਰੀ
ਗਿੱਦੜਬਾਹਾ, 10 ਅਗਸਤ (ਸ਼ਿਵਰਾਜ ਸਿੰਘ ਬਰਾੜ)-ਪਿੰਡ ਗੁਰੂਸਰ ਵਿਖੇ ਬੀਤੇ ਦੋ ਮਹੀਨਿਆਂ ਤੋਂ ਦਰਜਨਾਂ ਹੀ ਟਰਾਂਸਫ਼ਾਰਮਰ ਤੇ ਬਿਜਲੀ ਦੀਆਂ ਮੋਟਰਾਂ ਚੋਰੀ ਹੋਣ ਦੀਆਂ ਵਾਰਦਾਤਾਂ ਕਾਰਨ ਪਿੰਡ ਵਾਸੀਆਂ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪੁਲਿਸ ਵਲੋਂ ਚੋਰਾਂ ’ਤੇ ਹਫ਼ਤੇ ਵਿਚ ਸ਼ਿਕੰਜਾ ਕਸਣ ਦੇ ਦਾਅਵਿਆਂ ਨੂੰ ਚੋਰ ਹੁਣ ਟਿੱਚ ਸਮਝਣ ਲੱਗੇ ਹਨ ਅਤੇ ਲਗਾਤਾਰ ਚੋਰੀਆਂ ਦਾ ਸਿਲਸਿਲਾ ਜਾਰੀ ਹੈ।
ਗਿੱਦੜਬਾਹਾ, 10 ਅਗਸਤ (ਸ਼ਿਵਰਾਜ ਸਿੰਘ ਬਰਾੜ)-ਪਿੰਡ ਗੁਰੂਸਰ ਵਿਖੇ ਬੀਤੇ ਦੋ ਮਹੀਨਿਆਂ ਤੋਂ ਦਰਜਨਾਂ ਹੀ ਟਰਾਂਸਫ਼ਾਰਮਰ ਤੇ ਬਿਜਲੀ ਦੀਆਂ ਮੋਟਰਾਂ ਚੋਰੀ ਹੋਣ ਦੀਆਂ ਵਾਰਦਾਤਾਂ ਕਾਰਨ ਪਿੰਡ ਵਾਸੀਆਂ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪੁਲਿਸ ਵਲੋਂ ਚੋਰਾਂ ’ਤੇ ਹਫ਼ਤੇ ਵਿਚ ਸ਼ਿਕੰਜਾ ਕਸਣ ਦੇ ਦਾਅਵਿਆਂ ਨੂੰ ਚੋਰ ਹੁਣ ਟਿੱਚ ਸਮਝਣ ਲੱਗੇ ਹਨ ਅਤੇ ਲਗਾਤਾਰ ਚੋਰੀਆਂ ਦਾ ਸਿਲਸਿਲਾ ਜਾਰੀ ਹੈ। ਜ਼ਿਕਰਯੋਗ ਹੈ ਕਿ ਬੀਤੇ ਕਈ ਦਿਨਾਂ ਤੋਂ ਹਲਕੇ ਦੇ ਪਿੰਡਾਂ ਦੇ ਖੇਤਾਂ ਵਿਚੋਂ ਟਿਊਬਵੈੱਲਾਂ ਤੋਂ ਟਰਾਂਸਫ਼ਾਰਮਾਰ ਤੇ ਬਿਜਲੀ ਦੀਆਂ ਮੋਟਰਾਂ ਚੋਰੀ ਹੋਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਦੁਖਦਾਈ ਪਹਿਲੂ ਇਹ ਹੈ ਕਿ ਅਜੇ ਤੱਕ ਪੁਲਿਸ ਚੋਰਾਂ ਦੀ ਪੈੜ ਦੱਬਣ ਵਿਚ ਨਾਕਾਮ ਰਹੀ ਹੈ। ਪਿੰਡ ਗੁਰੂਸਰ ਵਿਚ ਬੀਤੇ ਦੋ ਮਹੀਨਿਆਂ ਤੋਂ ਖੇਤਾਂ ਵਿਚ ਲੱਗੇ ਟਿਊਬਵੈੱਲਾਂ ਤੋਂ ਦਰਜਨਾਂ ਹੀ ਟਰਾਂਸਫ਼ਾਰਮਰ ਤੇ ਬਿਜਲੀ ਦੀਆਂ ਮੋਟਰਾਂ ਚੋਰੀ ਹੋ ਚੁੱਕੀਆਂ ਹਨ। ਕੋਈ ਰਾਤ ਅਜਿਹੀ ਨਹੀਂ ਕਿ ਜਿਸ ਰਾਤ ਪਿੰਡ ਗੁਰੂਸਰ ਦੇ ਖੇਤਾਂ ਵਿਚੋਂ ਟਰਾਂਸਫ਼ਾਰਮਰ ਤੇ ਬਿਜਲੀ ਦੀਆਂ ਮੋਟਰਾਂ ਦਾ ਸਾਮਾਨ ਚੋਰੀ ਨਾ ਹੋਇਆ ਹੋਵੇ। ਦੁਖੀ ਪਿੰਡ ਵਾਸੀਆਂ ਵਲੋਂ ਬੀਤੇ ਦਿਨੀਂ ਇਕੱਠੇ ਹੋ ਕੇ ਮਤਾ ਪਾਇਆ ਗਿਆ ਸੀ ਕਿ ਜ਼ਿਲ੍ਹਾ ਪੁਲਿਸ ਮੁਖੀ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ, ਜਿਸ ਦੀ ਸੂਚਨਾ ਥਾਣਾ ਗਿੱਦੜਬਾਹਾ ਦੇ ਮੁਖੀ ਪਰਵਿਦਰ ਸਿੰਘ ਨੂੰ ਮਿਲੀ ਤਾਂ ਸਵੇਰੇ ਹੁੰਦਿਆਂ ਪੁਲਿਸ ਪਾਰਟੀ ਨਾਲ ਪਿੰਡ ਪਹੁੰਚ ਗਏ ਅਤੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਪੁਲਿਸ ਵਲੋਂ ਹਫ਼ਤੇ ਅੰਦਰ ਚੋਰਾਂ ’ਤੇ ਕਾਬੂ ਪਾਇਆ ਜਾਵੇਗਾ। ਅਸਚਰਜ ਦੀ ਗੱਲ ਇਹ ਹੈ ਕਿ ਉਦੋਂ ਤੋਂ ਹੀ ਕੋਈ ਰਾਤ ਅਜਿਹੀ ਨਹੀਂ ਕਿ ਟਰਾਂਸਫ਼ਾਰਮਰਾਂ ਦੇ ਚੋਰੀ ਹੋਣ ਦੀ ਵਾਰਦਾਤ ਨਾ ਵਾਪਰੀ ਹੋਵੇ। ਪਿੰਡ ਗੁਰੂਸਰ ਦੇ ਕਿਸਾਨ ਜੱਸੀ ਸਿੰਘ ਨੇ ਦੱਸਿਆ ਕਿ ਉਸ ਦੇ ਖੇਤ ਵਿਚੋਂ ਟਰਾਂਸਫ਼ਾਰਮਰ ਚੋਰੀ ਕਰਕੇ ਲੈ ਗਏ ਹਨ। ਇਸੇ ਤਰ੍ਹਾਂ ਪਿੰਡ ਰੁਖਾਲਾ ਵਿਚੋਂ ਦੋ ਟਰਾਂਸਫ਼ਾਰਮਰ ਤੇ ਸੁਖਨਾ ਵਿਚੋਂ ਤਾਰਾਂ ਚੋਰੀ ਹੋਣ ਦੀ ਸੂਚਨਾ ਹੈ। ਪਿੰਡ ਗੁਰੂਸਰ ਦੇ ਸਾਬਕਾ ਸਰਪੰਚ ਬੇਅੰਤ ਸਿੰਘ, ਜਸਵੀਰ ਸਿੰਘ ਝੋਰੜ, ਹਰਦੀਪ ਸਿੰਘ ਖ਼ਾਲਸਾ ਨੇ ਦੱਸਿਆ ਕਿ ਚੋਰਾਂ ਵਲੋਂ ਲਗਾਤਾਰ ਖੇਤਾਂ ਵਿਚੋਂ ਟਰਾਂਸਫ਼ਾਰਮਰ ਤੇ ਬਿਜਲੀ ਦੀਆਂ ਮੋਟਰਾਂ ਦਾ ਸਾਮਾਨ ਚੋਰੀ ਹੋਣ ਨਾਲ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ ਅਤੇ ਰਾਤ ਸਮੇਂ ਕਿਸਾਨ ਖੇਤਾਂ ਵਿਚ ਜਾਣ ਤੋਂ ਡਰਦੇ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰਾਂ ਜਲਦੀ ਫ਼ੜ੍ਹਿਆ ਜਾਵੇ।