19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਬਾਬਾ ਫ਼ਰੀਦ ਯੂਨੀਵਰਸਿਟੀ ’ਚ ਭਰਤੀ ਧਾਂਦਲੀਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਵਿਦਿਆਰਥੀਆਂ ਵਲੋਂ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ

ਫ਼ਰੀਦਕੋਟ, 19 ਅਗਸਤ (ਸਰਬਜੀਤ ਸਿੰਘ)-ਪਹਿਲਾਂ ਤਾਂ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਵਿਚ ਫ਼ਾਰਮੇਸੀ ਅਧਿਕਾਰੀਆਂ ਦੀ ਭਰਤੀ ਸੰਬੰਧੀ ਇਮਤਿਹਾਨ ਦੇ ਪੇਪਰ ਲੀਕ ਮਾਮਲੇ ਦੀ ਜਾਂਚ ਅਜੇ ਪੂਰੀ ਨਹੀਂ ਹੋਈ ਕਿ ਹੁਣ ਪਿਛਲੇ ਕੁਝ ਮਹੀਨਿਆਂ ਦੌਰਾਨ ਯੂਨੀਵਰਸਿਟੀ ਵਿਚ ਹੋਈਆਂ ਸੈਂਕੜੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਭਰਤੀ ਸੰਬੰਧੀ ਧਾਂਦਲੀਆਂ ਅਤੇ ਗੈਰ-ਕਾਨੂੰਨੀ ਨਿਯੁਕਤੀਆਂ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਵਿਚ ਵਿਦਿਆਰਥੀਆਂ ਵਲੋਂ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਵਿੱਢਿਆ ਹੋਇਆ ਹੈ। ਜਥੇਬੰਦੀਆਂ ਵਲੋਂ ਯੂਨੀਵਰਸਿਟੀ ਦੇ ਰਜਿਸਟਰਾਰ ਨੂੰ ਗੈਰਕਾਨੂੰਨੀ ਤੌਰ ’ਤੇ ਭਰਤੀ ਹੋਏ ਮੁਲਾਜ਼ਮਾਂ ਅਤੇ ਯੂਨੀਵਰਸਿਟੀ ਦੇ ਭਿ੍ਰਸ਼ਟਾਚਾਰ ਤੋਂ ਪੀੜਤ ਮੁਲਾਜ਼ਮਾਂ ਦੀ ਨਾਮਾਂ ਸਮੇਤ ਤੱਥ ਰਿਪੋਰਟ ਸੌਂਪੀ ਸੀ।

Ad Position 21
No active advertisement
ਅਜੀਤ ਡੈਸਕ 20-08-2026
ਫ਼ਰੀਦਕੋਟ, 19 ਅਗਸਤ (ਸਰਬਜੀਤ ਸਿੰਘ)-ਪਹਿਲਾਂ ਤਾਂ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਵਿਚ ਫ਼ਾਰਮੇਸੀ ਅਧਿਕਾਰੀਆਂ ਦੀ ਭਰਤੀ ਸੰਬੰਧੀ ਇਮਤਿਹਾਨ ਦੇ ਪੇਪਰ ਲੀਕ ਮਾਮਲੇ ਦੀ ਜਾਂਚ ਅਜੇ ਪੂਰੀ ਨਹੀਂ ਹੋਈ ਕਿ ਹੁਣ ਪਿਛਲੇ ਕੁਝ ਮਹੀਨਿਆਂ ਦੌਰਾਨ ਯੂਨੀਵਰਸਿਟੀ ਵਿਚ ਹੋਈਆਂ ਸੈਂਕੜੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਭਰਤੀ ਸੰਬੰਧੀ ਧਾਂਦਲੀਆਂ ਅਤੇ ਗੈਰ-ਕਾਨੂੰਨੀ ਨਿਯੁਕਤੀਆਂ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਵਿਚ ਵਿਦਿਆਰਥੀਆਂ ਵਲੋਂ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਵਿੱਢਿਆ ਹੋਇਆ ਹੈ। ਜਥੇਬੰਦੀਆਂ ਵਲੋਂ ਯੂਨੀਵਰਸਿਟੀ ਦੇ ਰਜਿਸਟਰਾਰ ਨੂੰ ਗੈਰਕਾਨੂੰਨੀ ਤੌਰ ’ਤੇ ਭਰਤੀ ਹੋਏ ਮੁਲਾਜ਼ਮਾਂ ਅਤੇ ਯੂਨੀਵਰਸਿਟੀ ਦੇ ਭਿ੍ਰਸ਼ਟਾਚਾਰ ਤੋਂ ਪੀੜਤ ਮੁਲਾਜ਼ਮਾਂ ਦੀ ਨਾਮਾਂ ਸਮੇਤ ਤੱਥ ਰਿਪੋਰਟ ਸੌਂਪੀ ਸੀ। ਇਸ ਉਪਰ ਕਾਰਵਾਈ ਕਰਨ ਲਈ ਯੂਨੀਵਰਸਿਟੀ ਰਜਿਸਟਰਾਰ ਨੇ ਇਕ ਹਫ਼ਤੇ ਤੱਕ ਦਾ ਸਮਾਂ ਮੰਗਿਆ ਸੀ। ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਕੀਤੀ ਗਈ ਕਾਰਵਾਈ ਤੋਂ ਬਾਅਦ ਲਗਪਗ 200 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ। ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਆਗੂ ਹਰਵੀਰ ਕੌਰ ਤੇ ਜ਼ਿਲ੍ਹਾ ਆਗੂ ਸੁਖਬੀਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਅਪ੍ਰੈਲ ਤੋਂ ਇਸ ਸਾਲ ਜੁਲਾਈ ਦਰਮਿਆਨ ਯੂਨੀਵਰਸਿਟੀ ਨਿਯਮਾਂ ਨੂੰ ਛਿੱਕੇ ਟੰਗ ਕੇ ਚੋਰ-ਮੋਰੀਆਂ ਰਾਹੀਂ ਇਹ ਸੈਂਕੜੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਬਿਨਾਂ ਕਿਸੇ ਇਮਤਿਹਾਨ ਆਦਿ ਤੋਂ ਭਰਤੀਆਂ ਕੀਤੀਆਂ ਗਈਆਂ ਸਨ। ਜਥੇਬੰਦੀਆਂ ਵਲੋਂ ਪਿਛਲੇ ਦਿਨਾਂ ’ਚ ਯੂਨੀਵਰਸਿਟੀ ਰਜਿਸਟਰਾਰ ਨੂੰ ਇਕ ਤੱਥ ਰਿਪੋਰਟ ਪੇਸ਼ ਕੀਤੀ ਗਈ ਸੀ। ਜਥੇਬੰਦੀਆਂ ਨੇ ਸਪਸ਼ਟ ਕੀਤਾ ਕਿ ਬਰਖਾਸਤ ਕੀਤੇ ਕਰਮਚਾਰੀਆਂ ਨੂੰ 20 ਅਗਸਤ ਨੂੰ ਜਾਂਚ ਕਮੇਟੀ ਸਾਹਮਣੇ ਪੇਸ਼ ਹੋਣ ਲਈ ਦਿੱਤੇ ਨੋਟਿਸ ਅਤੇ ਇਹ ਮੁਅੱਤਲੀ ਮਹਿਜ ਇਕ ਸ਼ੁਰੂਆਤ ਹੈ। ਇਹ ਪੂਰਾ ਘਪਲਾ ਯੂਨੀਵਰਸਿਟੀ ਦੇ ਸਾਬਕਾ ਵਾਈਸ-ਚਾਂਸਲਰ ਡਾ. ਰਾਜੀਵ ਸੂਦ ਦੇ ਕਾਰਜਕਾਲ ਦੌਰਾਨ ਸ਼ਰ੍ਹੇਆਮ ਸਿਆਸੀ ਲੀਡਰਾਂ ਦੀ ਸ਼ਹਿ ’ਤੇ ਹੋਇਆ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਹੇਠਲੇ ਪੱਧਰ ਦੇ ਕਰਮਚਾਰੀਆਂ ’ਤੇ ਕਾਰਵਾਈ ਕਰਕੇ ਵੱਡੇ ਮਗਰਮੱਛਾਂ ਨੂੰ ਬਚਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਮੰਗ ਕੀਤੀ ਕਿ ਸਾਬਕਾ ਵੀ.ਸੀ. ਡਾ. ਰਾਜੀਵ ਸੂਦ ਦੇ ਪੂਰੇ ਕਾਰਜਕਾਲ ਦੌਰਾਨ ਹੋਈਆਂ ਸਾਰੀਆਂ ਭਰਤੀਆਂ, ਵਿੱਤੀ ਲੈਣ-ਦੇਣ ਅਤੇ ਪ੍ਰਸ਼ਾਸਕੀ ਨਿਰਣਿਆਂ ਦੀ ਉੱਚ-ਪੱਧਰੀ ਅਤੇ ਨਿਰਪੱਖ ਜਾਂਚ ਕੀਤੀ ਜਾਵੇ ਅਤੇ ਇਹ ਜਾਂਚ ਕੇਂਦਰੀ ਏਜੰਸੀ ਦੁਆਰਾ ਕੀਤੀ ਜਾਵੇ, ਕਿਉਂਕਿ ਪਹਿਲਾਂ ਵੀ ਪੰਜਾਬ ਦੀ ਵਿਜੀਲੈਂਸ ਵਲੋਂ ਸਿਆਸੀ ਦਬਾਅ ਹੇਠ ਬਹੁਤ ਹੀ ਢਿੱਲੀ ਜਾਂਚ ਕੀਤੀ ਗਈ ਹੈ। ਵਿਦਿਆਰਥੀ ਆਗੂਆਂ ਨੇ ਮੰਗ ਕੀਤੀ ਕਿ ਗੈਰ-ਕਾਨੂੰਨੀ ਭਰਤੀਆਂ ਕਰਨ ਅਤੇ ਭਿ੍ਰਸ਼ਟਾਚਾਰ ਵਿਚ ਸ਼ਾਮਿਲ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਭਵਿੱਖ ਵਿਚ ਸਾਰੀਆਂ ਨਿਯੁਕਤੀਆਂ ਪੂਰੀ ਪਾਰਦਰਸ਼ਤਾ ਅਤੇ ਯੋਗਤਾ ਦੇ ਆਧਾਰ ’ਤੇ ਕੀਤੀਆਂ ਜਾਣ। ਪੰਜਾਬ ਸਟੂਡੈਂਟਸ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਦੇ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜਿੰਨ੍ਹਾ ਸਮਾਂ ਡਾ. ਰਾਜੀਵ ਸੂਦ ਸਮੇਤ ਪੂਰੇ ਨੈੱਟਵਰਕ ਦੀ ਜਾਂਚ ਕਰਕੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦਿੱਤੀਆਂ ਜਾਂਦੀਆਂ, ਇਹ ਸੰਘਰਸ਼ ਰੁਕੇਗਾ ਨਹੀਂ। ਜਥੇਬੰਦੀਆਂ ਪੂਰੀ ਪ੍ਰਕਿਰਿਆ ’ਤੇ ਤਿੱਖੀ ਨਜ਼ਰ ਰੱਖ ਰਹੀਆਂ ਹਨ ਅਤੇ ਲੋੜ ਪੈਣ ’ਤੇ ਤਿੱਖੇ ਜਨਤਕ ਐਕਸ਼ਨ ਤੋਂ ਪਿੱਛੇ ਨਹੀਂ ਹਟਣਗੀਆਂ।
Ad Position 22
No active advertisement
ਪਿਛਲੀ ਖ਼ਬਰ ਪੀਣ ਵਾਲੇ ਪਾਣੀ ਲਈ ਤਰਸੇ ਜੈਤੋ ਵਾਸੀ, ਫ਼ੇਲ੍ਹ ਸੀਵਰੇਜ ਸਿਸਟਮ ਨੇ ਵਧਾਈਆਂ ਪ੍ਰੇਸ਼ਾਨੀਆਂ ਅਗਲੀ ਖ਼ਬਰ ਅੰਮ੍ਰਿਤਪਾਲ ਸਿੰਘ ਬਰਾੜ ਕੈਨੇਡਾ ’ਚ ਬਣੇ ਜੇਲ੍ਹ ਵਿਭਾਗ ਦੇ ਅਧਿਕਾਰੀ
Ad Position 24