ਐਸ. ਸੀ. ਨੰਬਰਦਾਰਾਂ ਦੀਆਂ ਖਾਲੀ ਅਸਾਮੀਆਂ ਤੁਰੰਤ ਭਰੀਆਂ ਜਾਣ -ਆਗੂ
ਜੈਤੋ , 19 ਅਗਸਤ ( ਗੁਰਮੀਤਪਾਲ ਰੋੜੀਕਪੂਰਾ )- ਹਲਕਾ ਜੈਤੋ ਵਿਚ ਪਿੰਡਾਂ ਦੀ ਗਿਣਤੀ ਅਤੇ ਆਬਾਦੀ ਦੇ ਅਨੁਪਾਤ ਅਨੁਸਾਰ ਲੰਬੇ ਸਮੇਂ ਤੋਂ ਖਾਲੀ ਪਈਆਂ ਐਸ . ਸੀ .
ਜੈਤੋ , 19 ਅਗਸਤ ( ਗੁਰਮੀਤਪਾਲ ਰੋੜੀਕਪੂਰਾ )- ਹਲਕਾ ਜੈਤੋ ਵਿਚ ਪਿੰਡਾਂ ਦੀ ਗਿਣਤੀ ਅਤੇ ਆਬਾਦੀ ਦੇ ਅਨੁਪਾਤ ਅਨੁਸਾਰ ਲੰਬੇ ਸਮੇਂ ਤੋਂ ਖਾਲੀ ਪਈਆਂ ਐਸ . ਸੀ . ਨੰਬਰਦਾਰਾਂ ਦੀਆਂ ਅਸਾਮੀਆਂ ਨੂੰ ਤੁਰੰਤ ਭਰਨ ਦੀ ਪੁਰਜ਼ੋਰ ਮੰਗ ਉੱਠੀ ਹੈ । ਐਸ . ਸੀ . ਆਗੂਆਂ ਨੇ ਕਿਹਾ ਕਿ ਨੰਬਰਦਾਰਾਂ ਦੀ ਗਿਣਤੀ ਘੱਟ ਹੋਣ ਕਾਰਨ ਆਮ ਲੋਕਾਂ ਨੂੰ ਮਾਲ ਵਿਭਾਗ ਨਾਲ ਸਬੰਧਿਤ ਕੰਮਾਂ ਲਈ ਕਾਫ਼ੀ ਦਿੱਕਤਾਂ ਅਤੇ ਬੇਲੋੜੀ ਖੱਜਲ - ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਅੰਗਰੇਜ ਸਿੰਘ ਗੋਰਾ ਮੱਤਾ ਨੇ ਕਿਹਾ ਕਿ ਨੰਬਰਦਾਰੀ ਪ੍ਰਬੰਧ ਪਿੰਡ ਪੱਧਰ ’ ਤੇ ਮਾਲ ਵਿਭਾਗ ਨਾਲ ਜੁੜੀ ਇਕ ਅਹਿਮ ਕੜੀ ਹੈ , ਇਸ ਲਈ ਖਾਲੀ ਅਸਾਮੀਆਂ ਨੂੰ ਲੰਬੇ ਸਮੇਂ ਤੱਕ ਖਾਲੀ ਰੱਖਣਾ ਲੋਕ ਹਿੱਤ ਵਿਚ ਨਹੀਂ ਹੈ । ਉਨ੍ਹਾਂ ਕਿਹਾ ਕਿ ਪਿੰਡਾਂ ਦੀ ਵੱਧਦੀ ਆਬਾਦੀ ਅਤੇ ਲੋਕਾਂ ਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ ਨੰਬਰਦਾਰਾਂ ਦੀਆਂ ਖਾਲੀ ਅਸਾਮੀਆਂ ਦੀ ਤੁਰੰਤ ਸਮੀਖਿਆ ਕਰਕੇ ਨਿਯਮਾਂ ਅਨੁਸਾਰ ਨਿਯੁਕਤੀਆਂ ਕੀਤੀਆਂ ਜਾਣ । ਉਨ੍ਹਾਂ ਕਿਹਾ ਕਿ ਐਸ . ਸੀ . ਸਮਾਜ ਨੂੰ ਉਸ ਦੇ ਬਣਦੇ ਹੱਕ ਤੋਂ ਵਾਂਝਾ ਨਹੀਂ ਰੱਖਿਆ ਜਾਣਾ ਚਾਹੀਦਾ ਅਤੇ ਨੰਬਰਦਾਰਾਂ ਦੀਆਂ ਨਿਯੁਕਤੀਆਂ ਵਿਚ ਸਮਾਜਿਕ ਸੰਤੁਲਨ ਤੇ ਨਿਆਂ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ । ਉਨ੍ਹਾਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹਲਕਾ ਜੈਤੋ ਵਿਚ ਲੰਬੇ ਸਮੇਂ ਤੋਂ ਖਾਲੀ ਪਈਆਂ ਐਸ . ਸੀ . ਨੰਬਰਦਾਰਾਂ ਦੀਆਂ ਅਸਾਮੀਆਂ ਨੂੰ ਫੌਰੀ ਪ੍ਰਭਾਵ ਨਾਲ ਭਰ ਕੇ ਐੱਸ . ਸੀ . ਸਮਾਜ ਨਾਲ ਇਨਸਾਫ਼ ਕੀਤਾ ਜਾਵੇ ।