ਕੰਪਿਊਟਰ ਅਧਿਆਪਕਾਂ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ
ਸ੍ਰੀ ਮੁਕਤਸਰ ਸਾਹਿਬ, 19 ਅਗਸਤ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਵਲੋਂ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਸੰਬੰਧੀ ਵਾਰ-ਵਾਰ ਮੀਟਿੰਗਾਂ ਮੁਲਤਵੀ ਕਰਨ ਅਤੇ ਮਸਲੇ ਨੂੰ ਲੰਮੇ ਸਮੇਂ ਤੋਂ ਲਟਕਾਉਣ ਦੇ ਵਿਰੋਧ ਵਿਚ ਕੰਪਿਊਟਰ ਟੀਚਰ ਯੂਨੀਅਨ ਪੰਜਾਬ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਲੋਂ ਅੱਜ ਡੀ. ਸੀ.
ਸ੍ਰੀ ਮੁਕਤਸਰ ਸਾਹਿਬ, 19 ਅਗਸਤ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਵਲੋਂ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਸੰਬੰਧੀ ਵਾਰ-ਵਾਰ ਮੀਟਿੰਗਾਂ ਮੁਲਤਵੀ ਕਰਨ ਅਤੇ ਮਸਲੇ ਨੂੰ ਲੰਮੇ ਸਮੇਂ ਤੋਂ ਲਟਕਾਉਣ ਦੇ ਵਿਰੋਧ ਵਿਚ ਕੰਪਿਊਟਰ ਟੀਚਰ ਯੂਨੀਅਨ ਪੰਜਾਬ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਲੋਂ ਅੱਜ ਡੀ.ਸੀ. ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਯੂਨੀਅਨ ਦੇ ਸੂਬਾ ਖ਼ਜ਼ਾਨਚੀ ਹਰਜੀਤ ਸਿੰਘ ਤੇ ਜ਼ਿਲ੍ਹਾ ਪ੍ਰਧਾਨ ਲਖਰਾਜ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਕੰਪਿਊਟਰ ਅਧਿਆਪਕ ਹਾਜ਼ਰ ਸਨ ਅਤੇ ਪੰਜਾਬ ਸਰਕਾਰ ਖ਼ਿਲਾਫ਼ ਆਪਣਾ ਰੋਸ ਪ੍ਰਗਟ ਕੀਤਾ। ਇਸ ਦੌਰਾਨ ਯੂਨੀਅਨ ਮੈਂਬਰਾਂ ਵਲੋਂ ਅਗਲੇ ਸੰਘਰਸ਼ ਦੀ ਰੂਪ-ਰੇਖਾ ਤੇ ਰਣਨੀਤੀ ਸੰਬੰਧੀ ਵਿਚਾਰ-ਵਟਾਂਦਰਾ ਵੀ ਕੀਤਾ ਗਿਆ। ਯੂਨੀਅਨ ਆਗੂਆਂ ਨੇ ਕਿਹਾ ਕਿ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਸੰਬੰਧੀ ਸਰਕਾਰ ਨਾਲ ਹੁਣ ਤੱਕ 70 ਤੋਂ ਵੱਧ ਮੀਟਿੰਗਾਂ ਹੋ ਚੁੱਕੀਆਂ ਹਨ। ਹਰ ਵਾਰ ਮੀਟਿੰਗਾਂ ਵਿਚ ਹਾਂ-ਪੱਖੀ ਭਰੋਸੇ ਦੇਣ ਦੇ ਬਾਵਜੂਦ ਮੰਗਾਂ ਨੂੰ ਅਮਲੀ ਰੂਪ ਨਹੀਂ ਦਿੱਤਾ ਗਿਆ। ਹਾਲ ਹੀ ਵਿਚ 13 ਤੇ 1 8 ਅਗਸਤ ਦੀਆਂ ਨਿਰਧਾਰਤ ਮੀਟਿੰਗਾਂ ਵੀ ਮੁਲਤਵੀ ਕਰ ਦਿੱਤੀਆਂ ਗਈਆਂ, ਜਿਸ ਕਾਰਨ ਕੰਪਿਊਟਰ ਅਧਿਆਪਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਕੰਪਿਊਟਰ ਅਧਿਆਪਕ ਸਾਢੇ ਚਾਰ ਸਾਲ ਤੋਂ ਵੱਧ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਹਨ। ਚੋਣਾਂ ਦੌਰਾਨ ਕੰਪਿਊਟਰ ਅਧਿਆਪਕਾਂ ਨਾਲ ਕੀਤੇ ਵਾਅਦਿਆਂ ਦੇ ਬਾਵਜੂਦ ਅਜੇ ਤੱਕ ਮੰਗਾਂ ਦਾ ਠੋਸ ਹੱਲ ਨਹੀਂ ਕੀਤਾ ਗਿਆ। ਆਗੂਆਂ ਨੇ ਸਰਕਾਰ ਨੂੰ ਸਪੱਸ਼ਟ ਕੀਤਾ ਕਿ ਹੁਣ ਸਿਰਫ਼ ਮੀਟਿੰਗਾਂ ਤੇ ਭਰੋਸਿਆਂ ਨਾਲ ਕੰਪਿਊਟਰ ਅਧਿਆਪਕ ਸੰਤੁਸ਼ਟ ਨਹੀਂ ਹੋਣਗੇ। ਸਰਕਾਰ ਨੂੰ ਮੀਟਿੰਗਾਂ ਮੁਲਤਵੀ ਕਰਨ ਦੀ ਬਜਾਏ, ਲੰਬਿਤ ਮੰਗਾਂ ’ਤੇ ਤੁਰੰਤ ਠੋਸ ਅਤੇ ਸਮਾਂਬੱਧ ਫ਼ੈਸਲਾ ਲੈ ਕੇ ਉਨ੍ਹਾਂ ਨੂੰ ਅਮਲੀ ਰੂਪ ਦੇਣਾ ਚਾਹੀਦਾ ਹੈ। ਰੋਸ ਪ੍ਰਦਰਸ਼ਨ ਉਪਰੰਤ ਯੂਨੀਅਨ ਮੈਂਬਰਾਂ ਵਲੋਂ ਅਗਲੇ ਸੰਘਰਸ਼ ਦੀ ਰੂਪ-ਰੇਖਾ ਤਿਆਰ ਕਰਨ ਸੰਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਕੰਪਿਊਟਰ ਟੀਚਰ ਯੂਨੀਅਨ ਪੰਜਾਬ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਨੂੰ ਹੋਰ ਲਟਕਾਉਣ ਦੀ ਬਜਾਏ, ਉਨ੍ਹਾਂ ਦਾ ਤੁਰੰਤ ਹੱਲ ਕੀਤਾ ਜਾਵੇ। ਜੇਕਰ ਸਰਕਾਰ ਵਲੋਂ ਇਸ ਸੰਬੰਧੀ ਕੋਈ ਠੋਸ ਕਾਰਵਾਈ ਨਾ ਕੀਤੀ ਗਈ ਤਾਂ ਯੂਨੀਅਨ ਵਲੋਂ ਸੰਘਰਸ਼ ਨੂੰ ਹੋਰ ਮਜ਼ਬੂਤ ਤੇ ਵਿਸ਼ਾਲ ਕੀਤਾ ਜਾਵੇਗਾ। ਇਸ ਮੌਕੇ ਸੰਜੇ ਕੁਮਾਰ ਬਲਾਕ ਪ੍ਰਧਾਨ, ਪ੍ਰਭੂਸ਼ਨ, ਜਸਪਾਲ, ਪ੍ਰੇਮ ਸਾਗਰ , ਰਾਹੁਲ ਕੁਮਾਰ, ਰੋਹਿਤ ਕੁਮਾਰ, ਮਨੋਜ ਕੁਮਾਰ, ਨਰਿੰਦਰ ਖਿੱਚੀ, ਪ੍ਰਦੀਪ ਕੁਮਾਰ ਬੇਰੀ, ਰਮਨਦੀਪ ਸਿੰਘ, ਵਰਿੰਦਰ ਕੁਮਾਰ, ਮਨਜੋਤ ਸਿੰਘ, ਵਰਿੰਦਰ ਉਪਲ, ਸੁਨੀਲ ਕੁਮਾਰ, ਨਰਿੰਦਰ, ਜਸਮਤ ਸਿੰਘ, ਅਸ਼ਵਨੀ ਕੁਮਾਰ, ਸਤਪਾਲ ਸਿੰਘ, ਜਗਸੀਰ ਸਿੰਘ, ਵਰੁਣ ਖੁਰਾਣਾ, ਰਾਕੇਸ਼ ਕੁਮਾਰ, ਸਤਨਾਮ ਸਿੰਘ, ਤਜਿੰਦਰ ਸਿੰਘ ਆਦਿ ਕੰਪਿਊਟਰ ਅਧਿਆਪਕ ਹਾਜ਼ਰ ਸਨ।