ਆਰ . ਟੀ . ਏ . ਫ਼ਿਰੋਜ਼ਪੁਰ ਰਿਸ਼ਵਤ ਕਾਂਡ – ਸ੍ਰੀ ਮੁਕਤਸਰ ਸਾਹਿਬ ਦੇ ਟਰਾਂਸਪੋਰਟਰ ’ਤੇ ਗ੍ਰਿਫ਼ਤਾਰੀ ਦੀ ਤਲਵਾਰ ਲਟਕੀ ਜ਼ਮਾਨਤ ਅਰਜ਼ੀ ਖ਼ਾਰਜ , ਘਰੋਂ ਸਰਕਾਰੀ ਮੋਹਰਾਂ ਬਰਾਮਦ ਹੋਣ ਮਗਰੋਂ ਹਿਰਾਸਤੀ ਪੁੱਛਗਿੱਛ ਦੇ ਹੁਕਮ
ਸ੍ਰੀ ਮੁਕਤਸਰ ਸਾਹਿਬ , 21 ਅਗਸਤ ( ਹਰਮਹਿੰਦਰ ਪਾਲ )- ਆਰ . ਟੀ .
ਸ੍ਰੀ ਮੁਕਤਸਰ ਸਾਹਿਬ , 21 ਅਗਸਤ ( ਹਰਮਹਿੰਦਰ ਪਾਲ )- ਆਰ . ਟੀ . ਏ . ਫ਼ਿਰੋਜ਼ਪੁਰ ਨਾਲ ਸੰਬੰਧਿਤ ਬਹੁ - ਚਰਚਿਤ ਰਿਸ਼ਵਤਖ਼ੋਰੀ ਮਾਮਲੇ ਵਿਚ ਮੋਹਾਲੀ ਅਦਾਲਤ ਦੇ ਇਕ ਵੱਡੇ ਫ਼ੈਸਲੇ ਨਾਲ ਖੇਤਰ ਦੇ ਟਰਾਂਸਪੋਰਟ ਮਾਫ਼ੀਆ ਵਿਚ ਭਾਜੜ ਮਚ ਗਈ ਹੈ । ਵਧੀਕ ਸੈਸ਼ਨ ਜੱਜ ਟੀ . ਪੀ . ਐੱਸ . ਰੰਧਾਵਾ ਦੀ ਅਦਾਲਤ ਨੇ ਸ੍ਰੀ ਮੁਕਤਸਰ ਸਾਹਿਬ ਦੇ ਇਕ ਪ੍ਰਭਾਵਸ਼ਾਲੀ ਟਰਾਂਸਪੋਰਟਰ ਦੀ ਅਗਾਊਂ ਜ਼ਮਾਨਤ ਸਿਰੇ ਤੋਂ ਰੱਦ ਕਰਦਿਆਂ ਵਿਜੀਲੈਂਸ ਬਿਊਰੋ ਨੂੰ ਹਿਰਾਸਤੀ ਪੁੱਛਗਿੱਛ ਦੀ ਹਰੀ ਝੰਡੀ ਦੇ ਦਿੱਤੀ ਹੈ । ਇਸ ਕਾਰਵਾਈ ਨਾਲ ਮਹਿਕਮੇ ਦੇ ਹੋਰਨਾਂ ਲਿਪਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਧੜਕਣਾਂ ਵੀ ਤੇਜ਼ ਹੋ ਗਈਆਂ ਹਨ । ਰਿਸ਼ਵਤਖ਼ੋਰੀ ਦੇ ‘ ਸਪੈਸ਼ਲ ਨੈੱਟਵਰਕ ’ ਦਾ ਪਰਦਾਫ਼ਾਸ਼ ਵਿਜੀਲੈਂਸ ਬਿਊਰੋ ( ਥਾਣਾ ਫ਼ੇਜ਼ -1 ਐੱਸ . ਏ . ਐੱਸ . ਨਗਰ ) ਵਲੋਂ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7- ਏ ਤਹਿਤ ਦਰਜ ਐੱਫ਼ . ਆਈ . ਆਰ . ਨੰਬਰ 15 (21 ਜੁਲਾਈ 2026) ਮੁਤਾਬਕ ਇਹ ਪੂਰਾ ਖੇਡ ਮਹੀਨਾਵਾਰ ਗੁੰਡਾ ਟੈਕਸ ਦੀ ਤਰਜ਼ ’ ਤੇ ਚੱਲ ਰਿਹਾ ਸੀ । ਟਰਾਂਸਪੋਰਟ ਕੰਪਨੀ ਦੇ ਮਾਲਕ ਤੋਂ ਚਲਾਨਾਂ ਤੋਂ ਬਚਾਉਣ ਬਦਲੇ ਪ੍ਰਤੀ ਟਿੱਪਰ / ਟਰੱਕ 1,200 ਰੁਪਏ ਮਹੀਨਾਵਾਰ ਰਿਸ਼ਵਤ ਮੰਗੀ ਗਈ ਸੀ । ਸ੍ਰੀ ਮੁਕਤਸਰ ਸਾਹਿਬ ਦਾ ਇਹ ਟਰਾਂਸਪੋਰਟਰ ਬਾਜ ਕੁਮਾਰ ਨਾਮੀ ਵਿਅਕਤੀ ਨਾਲ ਮਿਲ ਕੇ ਗੱਡੀਆਂ ਦੇ ਨੰਬਰ ਵਟਸਐਪ ’ ਤੇ ਪ੍ਰਾਪਤ ਕਰਦਾ ਸੀ । ਇਸ ਤੋਂ ਬਾਅਦ ਇਹ ਸੂਚੀਆਂ ਆਰ . ਟੀ . ਏ . ਫ਼ਿਰੋਜ਼ਪੁਰ ਦੇ ਦਫ਼ਤਰ ਨੂੰ ਭੇਜ ਕੇ ਬਿਨਾਂ ਚਲਾਨ ਗੱਡੀਆਂ ਲੰਘਾਉਣ ਦਾ ਲਿੰਕ ਚਲਾਉਂਦਾ ਸੀ । ਸ਼ਿਕਾਇਤਕਰਤਾ ਵਲੋਂ ਦਿੱਤੀ ਰਿਕਾਰਡਿੰਗ ਦੇ ਆਧਾਰ ’ ਤੇ ਵਿਜੀਲੈਂਸ ਨੇ ਫਿਨੋਲਫਥੈਲੀਨ ਪਾਊਡਰ ਲੱਗੇ 7,200 ਰੁਪਏ ਸਮੇਤ ਟਰੈਪ ਲਗਾ ਕੇ ਕਾਰਵਾਈ ਅਮਲ ਵਿਚ ਲਿਆਂਦੀ ਸੀ । ਘਰੋਂ ਬਰਾਮਦ ਹੋਈ ਸਰਕਾਰੀ ਮੋਹਰ , ਖੁੱਲ੍ਹਣਗੇ ਵੱਡੇ ਭੇਤ ਅਦਾਲਤ ਵਿਚ ਵਿਜੀਲੈਂਸ ਦੇ ਸਰਕਾਰੀ ਵਕੀਲ ਨੇ ਸਖ਼ਤ ਦਲੀਲਾਂ ਪੇਸ਼ ਕਰਦਿਆਂ ਦੱਸਿਆ ਕਿ ਜਾਂਚ ਦੌਰਾਨ ਸ੍ਰੀ ਮੁਕਤਸਰ ਸਾਹਿਬ ਸਥਿਤ ਟਰਾਂਸਪੋਰਟਰ ਦੇ ਘਰ ਦੀ ਤਲਾਸ਼ੀ ਲਈ ਗਈ ਸੀ , ਜਿੱਥੋਂ ਟਰਾਂਸਪੋਰਟ ਵਿਭਾਗ ਬਠਿੰਡਾ ਦੀ ਸਰਕਾਰੀ ਮੋਹਰ ਬਰਾਮਦ ਹੋਈ ਹੈ । ਅਦਾਲਤ ਨੇ ਆਪਣੇ ਹੁਕਮਾਂ ਵਿਚ ਸਪੱਸ਼ਟ ਕੀਤਾ ਕਿ ਮੁਲਜ਼ਮ ਦਾ ਮੋਬਾਈਲ ਫ਼ੋਨ ਤੇ ਡਿਜੀਟਲ ਮੀਡੀਆ ਜ਼ਬਤ ਕਰਕੇ ਵਟਸਐਪ ਚੈਟਾਂ ਦੀ ਰਿਕਵਰੀ ਕਰਨੀ ਬਾਕੀ ਹੈ । ਸਰਕਾਰੀ ਮੋਹਰ ਦੇ ਗ਼ੈਰਕਾਨੂੰਨੀ ਇਸਤੇਮਾਲ ਤੇ ਟਰਾਂਸਪੋਰਟ ਵਿਭਾਗ ਦੇ ਹੋਰ ਵੱਡੇ ਅਧਿਕਾਰੀਆਂ ਦੀ ਸ਼ਮੂਲੀਅਤ ਦਾ ਪਤਾ ਲਗਾਉਣ ਲਈ ਹਿਰਾਸਤੀ ਪੁੱਛਗਿੱਛ ਜ਼ਰੂਰੀ ਹੈ । ਇਸ ਤੋਂ ਇਲਾਵਾ ਚਰਚਾ ਇਹ ਵੀ ਹੈ ਕਿ ਉਕਤ ਟਰਾਂਸਪੋਰਟਰ ਨੇ ਆਪਣੇ ਮੁਤਾਬਕ ਕੰਮ ਨਾ ਕਰਨ ਵਾਲੇ ਕਈ ਇਮਾਨਦਾਰ ਅਧਿਕਾਰੀਆਂ ’ ਤੇ ਝੂਠੇ ਇਲਜ਼ਾਮ ਲਗਾ ਕੇ ਉਨ੍ਹਾਂ ਨੂੰ ਫਸਾਉਣ ਦੀਆਂ ਸਾਜ਼ਿਸ਼ਾਂ ਵੀ ਰਚੀਆਂ ਸਨ । ਅਦਾਲਤ ਵਲੋਂ ਜ਼ਮਾਨਤ ਖ਼ਾਰਜ ਹੋਣ ਤੋਂ ਬਾਅਦ ਵਿਜੀਲੈਂਸ ਟੀਮਾਂ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀਆਂ ਹਨ ।