ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਪਰਾਲੀ ਪ੍ਰਬੰਧਨ ਸੰਬੰਧੀ ਪਿੰਡ ਮਿੱਡਾ ਵਿਖੇ ਕੈਂਪ ਲਗਾਇਆ
ਮਲੋਟ, 31 ਅਗਸਤ (ਪਾਟਿਲ)-ਪੀ. ਏ.
ਮਲੋਟ, 31 ਅਗਸਤ (ਪਾਟਿਲ)-ਪੀ.ਏ.ਯੂ. ਕ੍ਰਿਸ਼ੀ ਵਿਗਿਆਨ ਕੇਂਦਰ ਸ੍ਰੀ ਮੁਕਤਸਰ ਸਾਹਿਬ ਵਲੋਂ ਪਿੰਡ ਮਿੱਡਾ ਵਿਖੇ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਸੰਬੰਧੀ ਪਿੰਡ ਪੱਧਰੀ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿਚ ਪਿੰਡ ਦੇ ਲਗਪਗ 70 ਸੂਝਵਾਨ ਕਿਸਾਨਾਂ ਨੇ ਭਾਗ ਲਿਆ। ਕੈਂਪ ਦੌਰਾਨ ਡਾ. ਕਰਮਜੀਤ ਸ਼ਰਮਾ ਐਸੋਸੀਏਟ ਡਾਇਰੈਕਟਰ (ਸਿਖਲਾਈ) ਕੇ.ਵੀ.ਕੇ. ਸ੍ਰੀ ਮੁਕਤਸਰ ਸਾਹਿਬ ਨੇ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ, ਕੁਦਰਤੀ ਸਰੋਤਾਂ ਦੀ ਸੁਚੱਜੀ ਵਰਤੋਂ ਤੇ ਖੇਤੀਬਾੜੀ ਲਈ ਵਾਤਾਵਰਣ ਦੀ ਰਾਖੀ ਲਈ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਕੁਸ਼ਲ ਪ੍ਰਬੰਧਨ ਲਈ ਪ੍ਰੇਰਿਤ ਕੀਤਾ। ਡਾ. ਵਿਵੇਕ ਕੁਮਾਰ ਸਹਾਇਕ ਪ੍ਰੋਫ਼ੈਸਰ (ਫ਼ਸਲ ਵਿਗਿਆਨ) ਨੇ ਪਰਾਲੀ ਵਾਲੇ ਖੇਤਾਂ ਵਿਚ ਕਣਕ ਦੀ ਸਫ਼ਲ ਕਾਸ਼ਤ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਸਾਨਾਂ ਨੂੰ ਸਾਉਣੀ ਦੀ ਫ਼ਸਲ ਦਾ ਆਪਣਾ ਬੀਜ ਬਣਾਉਣ ਬਾਰੇ ਪ੍ਰੇਰਿਤ ਕੀਤਾ। ਡਾ. ਜਗਮਨਜੋਤ ਸਿੰਘ ਸਹਾਇਕ ਪ੍ਰੋਫ਼ੈਸਰ (ਭੂਮੀ ਵਿਗਿਆਨ) ਨੇ ਪਰਾਲੀ ਦੇ ਸੁਚੱਜੇ ਪ੍ਰਬੰਧਨ ਨਾਲ ਭੂਮੀ ਦੀ ਸਿਹਤ ਸੁਧਾਰ ਅਤੇ ਫ਼ਸਲਾਂ ਦੇ ਉਤਪਾਦਨ ਵਿੱਤ ਹੋਣ ਵਾਲੇ ਵਾਧੇ ਸੰਬੰਧੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ। ਖੇਤਾਂ ਵਿਚ ਪਰਾਲੀ ਦੀ ਸਾਂਭ-ਸੰਭਾਲ ਦੇ ਫ਼ਾਇਦਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਨਾਲ ਜ਼ਮੀਨ ਦੇ ਭੌਤਿਕ ਗੁਣਾਂ ਵਿਚ ਸੁਧਾਰ ਹੁੰਦਾ ਹੈ ਅਤੇ ਫ਼ਸਲ ’ਤੇ ਮਾੜੇ ਪਾਣੀ ਦਾ ਅਸਰ ਵੀ ਘਟਦਾ ਹੈ। ਮੰਚ ਦੀ ਕਾਰਵਾਈ ਚਲਾਉਂਦਿਆਂ ਡ ਾ. ਗੁਰਵਿੰਦਰ ਸਿੰਘ ਸਹਾਇਕ ਪ੍ਰੋਫ਼ੈਸਰ (ਪਸਾਰ ਸਿੱਖਿਆ) ਨੇ ਕੈਂਪ ਵਿਚ ਆਏ ਹੋਏ ਕਿਸਾਨਾਂ ਦਾ ਧੰਨਵਾਦ ਕਰਦਿਆਂ ਕਿਸਾਨਾਂ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਲਗਾਏ ਜਾ ਰਹੇ ਮੇਲਿਆਂ ਬਾਰੇ ਜਾਣਕਾਰੀ ਦਿੰਦਿਆਂ ਇਨ੍ਹਾਂ ਮੇਲਿਆਂ ਵਿਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ। ਉਨ੍ਹਾਂ ਆਏ ਹੋਏ ਕਿਸਾਨਾਂ ਨੂੰ ਖੇਤੀ ਸਾਹਿਤ ਪੜ੍ਹਣ ਲਈ ਪ੍ਰੇਰਿਤ ਕੀਤਾ।