ਸ੍ਰੀ ਮੁਕਤਸਰ ਸਾਹਿਬ ਦਾ ਸੁਖਬੀਰ ਸਿੰਘ ਪੈਰਾਂ ਨਾਲ ਲਿਖ ਕੇ ‘ਲਿਖ ਰਿਹੈ’ ਕਾਮਯਾਬੀ ਦੀ ਨਵੀਂ ਇਬਾਰਤ
ਸ੍ਰੀ ਮੁਕਤਸਰ ਸਾਹਿਬ, 3 ਅਕਤੂਬਰ (ਹਰਮਹਿੰਦਰ ਪਾਲ)-‘ਮੰਜ਼ਿਲਾਂ ਉਨ੍ਹਾਂ ਨੂੰ ਹੀ ਮਿਲਦੀਆਂ ਹਨ, ਜਿਨ੍ਹਾਂ ਦੇ ਸੁਪਨਿਆਂ ਵਿਚ ਜਾਨ ਹੁੰਦੀ ਹੈ, ਪੰਖਾਂ ਨਾਲ ਕੁਝ ਨਹੀਂ ਹੁੰਦਾ, ਹੌਂਸਲਿਆਂ ਨਾਲ ਉਡਾਣ ਹੁੰਦੀ ਹੈ’। ਇਹ ਕਹਾਵਤ ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਨੌਜਵਾਨ ਸੁਖਬੀਰ ਸਿੰਘ ’ਤੇ ਪੂਰੀ ਤਰ੍ਹਾਂ ਢੁਕਦੀ ਹੈ।
ਸ
ਸ੍ਰੀ ਮੁਕਤਸਰ ਸਾਹਿਬ ਵਿਖੇ ਸੁਖਬੀਰ ਸਿੰਘ ਪੈਰਾਂ ਨਾਲ ਪੜ੍ਹਾਈ ਕਰਦਾ ਹੋਇਆ।
04-10-2026
ਸ੍ਰੀ ਮੁਕਤਸਰ ਸਾਹਿਬ, 3 ਅਕਤੂਬਰ (ਹਰਮਹਿੰਦਰ ਪਾਲ)-‘ਮੰਜ਼ਿਲਾਂ ਉਨ੍ਹਾਂ ਨੂੰ ਹੀ ਮਿਲਦੀਆਂ ਹਨ, ਜਿਨ੍ਹਾਂ ਦੇ ਸੁਪਨਿਆਂ ਵਿਚ ਜਾਨ ਹੁੰਦੀ ਹੈ, ਪੰਖਾਂ ਨਾਲ ਕੁਝ ਨਹੀਂ ਹੁੰਦਾ, ਹੌਂਸਲਿਆਂ ਨਾਲ ਉਡਾਣ ਹੁੰਦੀ ਹੈ’। ਇਹ ਕਹਾਵਤ ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਨੌਜਵਾਨ ਸੁਖਬੀਰ ਸਿੰਘ ’ਤੇ ਪੂਰੀ ਤਰ੍ਹਾਂ ਢੁਕਦੀ ਹੈ। ਬਚਪਨ ਤੋਂ ਹੀ ਇਕ ਗੰਭੀਰ ਬਿਮਾਰੀ ਨਾਲ ਜੂਝ ਰਹੇ ਸੁਖਬੀਰ ਸਿੰਘ ਸਰੀਰਕ ਤੌਰ ’ਤੇ ਅਪਾਹਜ਼ ਹਨ। ਉਹ ਨਾ ਆਪ ਚੱਲ-ਫਿਰ ਸਕਦੇ ਹਨ, ਨਾ ਖਾ-ਪੀ ਸਕਦੇ ਹਨ ਅਤੇ ਨਾ ਹੀ ਉਨ੍ਹਾਂ ਦੇ ਹੱਥ ਤੇ ਬਾਹਾਂ ਕੰਮ ਕਰਦੀਆਂ ਹਨ, ਪਰ ਉਨ੍ਹਾਂ ਦੇ ਬੁਲੰਦ ਹੌਂਸਲੇ ਅਤੇ ਮਜ਼ਬੂਤ ਇਰਾਦਿਆਂ ਅੱਗੇ ਇਹ ਸਰੀਰਕ ਕਮਜ਼ੋਰੀ ਵੀ ਹਾਰ ਮੰਨ ਚੁੱਕੀ ਹੈ। ਸੁਖਬੀਰ ਸਿੰਘ ਆਪਣੇ ਪੈਰਾਂ ਨਾਲ ਲਿਖ ਕੇ ਆਪਣੀ ਤਕਦੀਰ ਆਪ ਲਿਖ ਰਹੇ ਹਨ। ਉਸ ਦਾ ਸੁਪਨਾ ਸੈਲੀਬ੍ਰਿਟੀ ਬਣਨ ਦਾ ਹੈ। ਸੁਖਬੀਰ ਨੇ ਆਪਣੀ ਸ਼ੁਰੂਆਤੀ ਪੜ੍ਹਾਈ (ਪੰਜਵੀਂ ਜਮਾਤ) ਸਰਕਾਰੀ ਰਿਸੋਰਸ ਸੈਂਟਰ ਸ੍ਰੀ ਮੁਕਤਸਰ ਸਾਹਿਬ ਤੋਂ ਕੀਤੀ, ਜਿਸ ਤੋਂ ਬਾਅਦ 10ਵੀਂ ਜਮਾਤ ਸਰਕਾਰੀ ਸਕੂਲ (ਲੜਕੇ) ਤੋਂ ਪਾਸ ਕੀਤੀ। ਅੱਜ-ਕੱਲ੍ਹ ਉਹ ਖ਼ਾਲਸਾ ਦਸਮੇਸ਼ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਬੀ.ਏ. ਭਾਗ ਦੂਜਾ ਦੇ ਵਿਦਿਆਰਥੀ ਹਨ। ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿਚ ਵੀ ਸੁਖਬੀਰ ਸਿੰਘ ਨੇ ਆਪਣਾ ਲੋਹਾ ਮਨਵਾਇਆ ਹੈ। ਆਪਣੀ ਹਿੰਮਤ ਦੇ ਸਿਰ ’ਤੇ ਉਨ੍ਹਾਂ ਨੇ ਕੌਮੀ (ਨੈਸ਼ਨਲ) ਪੱਧਰ ਦੀਆਂ ਦੌੜਾਂ ਅਤੇ ਲੰਬੀ ਛਾਲ ਦੀਆਂ ਪ੍ਰਤੀਯੋਗਤਾਵਾਂ ਵਿਚ ਹਿੱਸਾ ਲੈ ਕੇ ਸਭ ਨੂੰ ਹੈਰਾਨ ਕੀਤਾ ਹੈ। ਸੁਖਬੀਰ ਸਿੰਘ ਅੱਜ ਇਕ ਸਫ਼ਲ ਮੋਟੀਵੇਸ਼ਨਲ ਸਪੀਕਰ ਅਤੇ ਸੋਸ਼ਲ ਮੀਡੀਆ ਇਨਫਲੂਐਂਸਰ ਵਜੋਂ ਜਾਣੇ ਜਾਂਦੇ ਹਨ। ਜਲੰਧਰ ਵਿਖੇ ਹੋਏ ‘ਸ਼ਿਕਸ਼ਾ ਮਹਾਕੁੰਭ’ ਦੌਰਾਨ ਉਨ੍ਹਾਂ ਨੇ ਮਾਣਯੋਗ ਗਵਰਨਰ ਅਤੇ ਉਚ ਅਧਿਕਾਰੀਆਂ ਦੇ ਸਾਹਮਣੇ ਅਜਿਹੀ ਪ੍ਰੇਰਨਾਦਾਇਕ ਸਪੀਚ ਦਿੱਤੀ ਕਿ ਹਰ ਕੋਈ ਝੂੰਮ ਉਠਿਆ। ਉਨ੍ਹਾਂ ਦੀ ਸ਼ਖ਼ਸੀਅਤ ਤੇ ਵਿਚਾਰਾਂ ਤੋਂ ਉਨ੍ਹਾਂ ਦੇ ਕਾਲਜ ਦੇ ਸਹਿਪਾਠੀ ਵੀ ਬਹੁਤ ਮਾਣ ਮਹਿਸੂਸ ਕਰਦੇ ਹਨ। ਜਦੋਂ ਸੁਖਬੀਰ ਸਿੰਘ ਨੂੰ ਪੁੱਛਿਆ ਗਿਆ ਕਿ ਉਹ ਕਿਸ ਤੋਂ ਪ੍ਰਭਾਵਿਤ ਹਨ, ਤਾਂ ਉਨ੍ਹਾਂ ਦਾ ਜਵਾਬ ਸੀ ਕਿ ‘ਮੈਂ ਖ਼ੁਦ ਆਪਣੇ-ਆਪ ਤੋਂ ਪ੍ਰਭਾਵਿਤ ਹਾਂ’। ਸੁਖਬੀਰ ਸਿੰਘ ਦੇ ਪਿਤਾ ਹਰਦੇਵ ਸਿੰਘ, ਜੋ ਕਿ ਜਨ ਸਿਹਤ ਵਿਭਾਗ ਵਿਚ ਕਰਮਚਾਰੀ ਹਨ, ਆਪਣੇ ਪੁੱਤਰ ਦੀ ਹਰ ਲੋੜ ਦਾ ਖ਼ਿਆਲ ਰੱਖਦੇ ਹਨ। ਉਹ ਆਪਣੇ ਹੱਥੀਂ ਸੁਖਬੀਰ ਸਿੰਘ ਨੂੰ ਖਾਣਾ ਖਵਾਉਂਦੇ ਹਨ ਅਤੇ ਸਕੂਲ-ਕਾਲਜ ਛੱਡਣ ਤੇ ਲੈ ਕੇ ਆਉਣ ਦੀ ਜ਼ਿੰਮੇਵਾਰੀ ਖ਼ੁਸ਼ੀ-ਖ਼ੁਸ਼ੀ ਨਿਭਾਉਂਦੇ ਹਨ। ਪਿਤਾ ਹਰਦੇਵ ਸਿੰਘ ਅਨੁਸਾਰ ਸੁਖਬੀਰ ਸਿੰਘ ਨੇ ਉਨ੍ਹਾਂ ਨੂੰ ਕਦੇ ਵੀ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਉਹ ਕਿਸੇ ਗੱਲੋਂ ਘੱਟ ਹੈ। ਦੂਜੇ ਪਾਸੇ ਸੁਖਬੀਰ ਦਾ ਮੰਨਣਾ ਹੈ ਕਿ ਉਹ ਭਵਿੱਖ ਵਿਚ ਅਜਿਹਾ ਮੁਕਾਮ ਹਾਸਿਲ ਕਰਨਾ ਚਾਹੁੰਦਾ ਹੈ ਕਿ ਉਸ ਦੇ ਮਾਤਾ-ਪਿਤਾ ਅਤੇ ਪਰਿਵਾਰ ਨੂੰ ਉਸ ਦੇ ਨਾਂਅ ਨਾਲ ਜਾਣਿਆ ਜਾਵੇ। ਸੁਖਬੀਰ ਸਿੰਘ ਆਪਣੇ ਪਰਿਵਾਰ ਦੀ ਆਰਥਿਕ ਮਦਦ ਕਰਨਾ ਚਾਹੁੰਦੇ ਹਨ। ਉਨ੍ਹਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਜਾਂ ਸਰਕਾਰ ਉਨ੍ਹਾਂ ਨੂੰ ਕੋਈ ਅਜਿਹੀ ਢੁਕਵੀਂ ਨੌਕਰੀ ਦੇਵੇ, ਜਿਸ ਨਾਲ ਉਹ ਆਪਣੀ ਪੜ੍ਹਾਈ ਵੀ ਜਾਰੀ ਰੱਖ ਸਕਣ ਅਤੇ ਪਰਿਵਾਰ ਦਾ ਸਹਾਰਾ ਵੀ ਬਣ ਸਕਣ। ਇਸ ਦੇ ਨਾਲ ਹੀ ਸੁਖਬੀਰ ਸਿੰਘ ਦਾ ਅਪੰਗਤਾ (ਦਿਵਿਆਂਗ) ਸਰਟੀਫ਼ਿਕੇਟ ਪਹਿਲਾਂ ਮਹਿਜ਼ 52 ਫ਼ੀਸਦੀ ਬਣਿਆ ਹੋਇਆ ਸੀ, ਜਦਕਿ ਉਨ੍ਹਾਂ ਦੀ ਸਰੀਰਕ ਹਾਲਤ ਅਨੁਸਾਰ ਇਹ 80 ਫ਼ੀਸਦੀ ਬਣਨਾ ਚਾਹੀਦਾ ਹੈ, ਜੋ ਕਿ ਉਨ੍ਹਾਂ ਦਾ ਕਾਨੂੰਨੀ ਹੱਕ ਹੈ, ਪਰ ਕੁਝ ਦਫ਼ਤਰੀ ਪੇਚੀਦਗੀਆਂ ਅਤੇ ਸਰਕਾਰੀ ਉਲਝਣਾਂ ਕਰਕੇ ਇਹ ਕੰਮ ਅਜੇ ਤੱਕ ਅਟਕਿਆ ਹੋਇਆ ਹੈ।