ਮਰਦਮਸ਼ੁਮਾਰੀ 2027 ਦੇ ਦੂਜੇ ਪੜਾਅ ਸੰਬੰਧੀ ਤੀਜਾ ਤਿੰਨ ਰੋਜ਼ਾ ਸਿਖਲਾਈ ਸੈਸ਼ਨ ਮੁਕੰਮਲ 1 ਦਸੰਬਰ ਤੋਂ 4 ਜਨਵਰੀ 2027 ਤੱਕ ਘਰ-ਘਰ ਜਾ ਕੇ ਕੀਤੀ ਜਾਵੇਗੀ ਗਣਨਾ
ਸ੍ਰੀ ਮੁਕਤਸਰ ਸਾਹਿਬ, 28 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਮਰਦਮਸ਼ੁਮਾਰੀ 2027 ਦੇ ਦੂਜੇ ਪੜਾਅ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਗਿਣਤੀਕਾਰਾਂ ਤੇ ਸੁਪਰਵਾਈਜ਼ਰਾਂ ਦਾ ਤੀਜਾ ਤਿੰਨ ਰੋਜ਼ਾ ਸਿਖਲਾਈ ਸੈਸ਼ਨ ਬਾਵਾ ਨਿਹਾਲ ਸਿੰਘ ਬੀ. ਐੱਡ.
ਸ੍ਰੀ ਮੁਕਤਸਰ ਸਾਹਿਬ, 28 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਮਰਦਮਸ਼ੁਮਾਰੀ 2027 ਦੇ ਦੂਜੇ ਪੜਾਅ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਗਿਣਤੀਕਾਰਾਂ ਤੇ ਸੁਪਰਵਾਈਜ਼ਰਾਂ ਦਾ ਤੀਜਾ ਤਿੰਨ ਰੋਜ਼ਾ ਸਿਖਲਾਈ ਸੈਸ਼ਨ ਬਾਵਾ ਨਿਹਾਲ ਸਿੰਘ ਬੀ.ਐੱਡ. ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਸਫ਼ਲਤਾਪੂਰਵਕ ਮੁਕੰਮਲ ਹੋ ਗਿਆ। ਇਹ ਸਿਖਲਾਈ ਸੈਸ਼ਨ ਡਿਪਟੀ ਕਮਿਸ਼ਨਰ ਕਮ ਪ੍ਰਿੰਸੀਪਲ ਸੈਂਸਸ ਅਫ਼ਸਰ ਅਮਿਤ ਕੁਮਾਰ ਪੰਚਾਲ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਕਮ ਜ਼ਿਲ੍ਹਾ ਸੈਂਸਸ ਅਫ਼ਸਰ ਡੈਵੀ ਗੋਇਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰਵਾਇਆ ਗਿਆ। ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਗੁਰਕਿਰਨਦੀਪ ਸਿੰਘ ਸਿੱਧੂ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਮਰਦਮਸ਼ੁਮਾਰੀ 2027 ਦੇ ਦੂਜੇ ਪੜਾਅ ਤਹਿਤ 16 ਤੋਂ 30 ਨਵੰਬਰ ਤੱਕ ਹੋਣ ਵਾਲੀ ਸਵੈ-ਗਣਨਾ ਵਿਚ ਵੱਧ ਤੋਂ ਵੱਧ ਭਾਗ ਲੈਣ। ਉਨ੍ਹਾਂ ਕਿਹਾ ਕਿ ਸਵੈ-ਗਣਨਾ ਰਾਹੀਂ ਨਾਗਰਿਕ ਆਪਣੀ ਜਾਣਕਾਰੀ ਖ਼ੁਦ ਦਰਜ ਕਰਵਾ ਸਕਣਗੇ, ਜਿਸ ਨਾਲ ਮਰਦਮਸ਼ੁਮਾਰੀ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਵਿਚ ਸਹਾਇਤਾ ਮਿਲੇਗੀ। ਉਨ੍ਹਾਂ ਦੱਸਿਆ ਕਿ ਮਰਦਮਸ਼ੁਮਾਰੀ ਦਾ ਦੂਜਾ ਪੜਾਅ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਚਲਾਇਆ ਜਾਵੇਗਾ। ਇਸ ਦੌਰਾਨ ਆਮ ਨਾਗਰਿਕਾਂ ਤੋਂ 40 ਸਵਾਲ ਪੁੱਛੇ ਜਾਣਗੇ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਦੌਰਾਨ ਸੁਪਰਵਾਈਜ਼ਰਾਂ ਤੇ ਗਿਣਤੀਕਾਰਾਂ ਨੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ ਸੀ ਅਤੇ ਉਮੀਦ ਹੈ ਕਿ ਉਹ ਦੂਜੇ ਪੜਾਅ ਵਿਚ ਵੀ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਅਤੇ ਸਮਾਜ ਸੇਵਾ ਦੀ ਭਾਵਨਾ ਨਾਲ ਨਿਭਾਉਣਗੇ। ਮਰਦਮਸ਼ੁਮਾਰੀ ਦੌਰਾਨ ਇਕੱਤਰ ਕੀਤੀ ਜਾਣਕਾਰੀ ਸਰਕਾਰਾਂ ਨੂੰ ਲੋਕ ਭਲਾਈ ਦੀਆਂ ਨੀਤੀਆਂ ਬਣਾਉਣ ਤੇ ਆਮ ਲੋਕਾਂ ਤੱਕ ਸਹੂਲਤਾਂ ਪਹੁੰਚਾਉਣ ਵਿਚ ਸਹਾਈ ਹੋਵੇਗੀ। ਸਿਖਲਾਈ ਦੌਰਾਨ ਫ਼ੀਲਡ ਟਰੇਨਰਾਂ ਨੇ ਪ੍ਰੋਜੈਕਟਰ ਦੀ ਮਦਦ ਨਾਲ ਦੂਜੇ ਪੜਾਅ ਵਿਚ ਪੁੱਛੇ ਜਾਣ ਵਾਲੇ 40 ਸਵਾਲਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਆਬਾਦੀ ਦੀ ਗਣਨਾ ਸੰਬੰਧੀ ਐਪਲੀਕੇਸ਼ਨ ਨੂੰ ਅਮਲੀ ਤੌਰ ’ਤੇ ਚਲਾਉਣ ਦੀ ਸਿਖਲਾਈ ਦਿੱਤੀ ਗਈ ਅਤੇ ਹਾਜ਼ਰ ਗਿਣਤੀਕਾਰਾਂ ਤੇ ਸੁਪਰਵਾਈਜ਼ਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ। ਇਸ ਮੌਕੇ ਫ਼ੀਲਡ ਟਰੇਨਰ ਸ਼ਮਿੰਦਰ ਬੱਤਰਾ , ਸੁਰਿੰਦਰ ਕੁਮਾਰ, ਹਰਿੰਦਰ ਸਿੰਘ, ਰਮਨ ਕੁਮਾਰ, ਪ੍ਰਵੀਨ ਕੁਮਾਰ, ਨਵੀਨ ਕੁਮਾਰ ਦੂਮੜਾ, ਸੁਖਮਿੰਦਰ ਸਿੰਘ ਕਲਰਕ, ਤਹਿਸੀਲ ਦਫ਼ਤਰ ਤੋਂ ਜਗਦੀਸ਼ ਸਿੰਘ, ਟੈਕਨੀਕਲ ਅਸਿਸਟੈਂਟ, ਹਰੀਸ਼ ਕੁਮਾਰ ਲਾਇਬ੍ਰੇਰੀਅਨ, ਸੱਤਪਾਲ ਸਿੰਘ, ਸਤਨਾਮ ਸਿੰਘ ਅਤੇ ਵਰਿੰਦਰ ਕੁਮਾਰ ਕੰਪਿਊਟਰ ਫੈਕਲਟੀ ਸਮੇਤ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।