ਮਾਨਸਾ, 1 ਜਨਵਰੀ (ਮੋਹਿਤ ਬਾਂਸਲ)-ਪਿਛਲਾ ਸਾਲ ਵੀ ਮਾਨਸਾ ਦੇ ਲੋਕਾਂ ਲਈ ਉਮੀਦਾਂ ਤੋਂ ਉਲਟ ਨਿਰਾਸ਼ਾ ਭਰਿਆ ਰਿਹਾ | ਸਿਆਸੀ ਨੇਤਾਵਾਂ ਵਲੋਂ ਚੋਣਾਂ ਦੌਰਾਨ ਕੀਤੇ ਗਏ ਵੱਡੇ-ਵੱਡੇ ਦਾਅਵੇ ਜ਼ਮੀਨੀ ਹਕੀਕਤ 'ਚ ਬਦਲਦੇ ਨਜ਼ਰ ਨਹੀਂ ਆਏ | ਸਿਹਤ, ਸਿੱਖਿਆ ਤੇ ਉਦਯੋਗਿਕ ਵਿਕਾਸ ਵਰਗੇ ਅਹਿਮ ਮਸਲੇ ਜਿਉਂ ਦੇ ਤਿਉਂ ਹੀ ਰਹੇ ਜਦਕਿ ਆਮ ਲੋਕ ਬੁਨਿਆਦੀ ਸੁਵਿਧਾਵਾਂ ਲਈ ਹੀ ਤਰਸਦੇ ਨਜ਼ਰ ਆਏ | ਟੁੱਟੀਆਂ ਸੜਕਾਂ, ਬਦਹਾਲ ਸੀਵਰੇਜ ਪ੍ਰਣਾਲੀ, ਖ਼ਸਤਾ ਹਾਲ ਸਟਰੀਟ ਲਾਈਟਾਂ ਤੇ ਹਰ ਪਾਸੇ ਲੱਗੇ ਕੂੜੇ ਦੇ ਢੇਰਾਂ ਆਦਿ ਸਮੱਸਿਆਵਾਂ ਨੇ ਲੋਕਾਂ ਨੂੰ ਖ਼ਾਸਾ ਪ੍ਰੇਸ਼ਾਨ ਕੀਤਾ | ਸ਼ਹਿਰ 'ਚ ਉਪਲਬਧ ਸਿਹਤ ਸੁਵਿਧਾਵਾਂ 'ਤੇ ਸਵਾਲ ਉੱਠਦੇ ਰਹੇ | ਗੰਭੀਰ ਮਰੀਜ਼ਾਂ ਨੂੰ ਇਲਾਜ ਲਈ ਪਿਛਲੇ ਕਈ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਵੱਡੇ ਸ਼ਹਿਰਾਂ ਦਾ ਰੁੱਖ ਕਰਨਾ ਪਿਆ, ਜਿਸ ਨਾਲ ਲੋਕਾਂ ਦਾ ਸਮਾਂ ਤੇ ਪੈਸਾ ਦੋਹਾਂ ਦੀ ਬਰਬਾਦੀ ਹੋਈ | ਖ਼ਰਾਬ ਸੀਵਰੇਜ ਪ੍ਰਣਾਲੀ ਕਾਰਨ ਬਾਰਸ਼ਾਂ ਦੌਰਾਨ ਕਈ-ਕਈ ਦਿਨ ਖੜ੍ਹੇ ਗੰਦੇ ਪਾਣੀ ਕਾਰਨ ਸ਼ਹਿਰ ਦੀ ਵਧੇਰੀ ਵਸੋਂ ਡੇਂਗੂ, ਚਿਕਨਗੁਣੀਆ ਵਰਗੀਆਂ ਭਿਆਨਕ ਬਿਮਾਰੀਆਂ ਦੀ ਲਪੇਟ 'ਚ ਆ ਗਈ | ਤਕਨੀਕੀ ਤੇ ਮੈਡੀਕਲ ਸਿੱਖਿਆ ਦੇ ਮਾਮਲੇ 'ਚ ਵੀ ਮਾਨਸਾ ਹਾਸ਼ੀਏ 'ਤੇ ਹੀ ਰਿਹਾ | ਸ਼ਹਿਰ 'ਚ ਮੈਡੀਕਲ ਕਾਲਜ ਜਾਂ ਉੱਚ ਪੱਧਰੀ ਤਕਨੀਕੀ ਸੰਸਥਾ ਖੋਲ੍ਹਣ ਦੇ ਵਾਅਦੇ ਕਾਗ਼ਜ਼ਾਂ ਤਕ ਹੀ ਸੀਮਤ ਰਹੇ, ਜਿਸ ਦੇ ਚੱਲਦਿਆਂ ਨੌਜਵਾਨਾਂ ਨੂੰ ਅਜੇ ਵੀ ਹੋਰ ਜ਼ਿਲਿ੍ਹਆ ਦਾ ਰੁਖ਼ ਕਰਨਾ ਪੈ ਰਿਹਾ ਹੈ | ਉਦਯੋਗਿਕ ਵਿਕਾਸ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਵੀ ਕੋਈ ਵੱਡਾ ਪ੍ਰਾਜੈਕਟ ਨਹੀਂ ਆਇਆ | ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੀਆਂ ਸਿਰਫ਼ ਗੱਲਾਂ ਹੀ ਹੋਈਆਂ, ਇਸ ਦਾ ਨਤੀਜਾ ਇਹ ਨਿਕਲਿਆ ਕਿ ਬੇਰੁਜ਼ਗਾਰੀ ਤੇ ਪ੍ਰਵਾਸ ਦਾ ਰੁਝਾਨ ਵਧਦਾ ਗਿਆ | ਲੋਕਾਂ ਦਾ ਕਹਿਣਾ ਹੈ ਕਿ ਜਿਥੇ ਹੋਰ ਜ਼ਿਲਿ੍ਹਆਂ 'ਚ ਤਕਨੀਕੀ ਤੇ ਮੈਡੀਕਲ ਕਾਲਜ, ਇੰਡਸਟਰੀਅਲ ਪਾਰਕ ਤੇ ਨਵੀਆਂ ਸਿਹਤ ਸਹੂਲਤਾਂ ਬਣ ਰਹੀਆਂ ਹਨ ਉਥੇ ਮਾਨਸਾ ਅਜੇ ਵੀ ਐਲਾਨਾਂ ਦੀ ਉਡੀਕ ਹੀ ਕਰ ਰਿਹਾ ਹੈ | ਇਸ ਨਵੇਂ ਵਰ੍ਹੇ 'ਚ ਲੋਕ ਹੁਣ ਸਿਆਸੀ ਬਿਆਨਾਂ ਦੀ ਥਾਂ ਹਕੀਕਤੀ ਕੰਮ ਦੇਖਣਾ ਚਾਹੁੰਦੇ ਹਨ | ਲੋਕਾਂ ਨੇ ਉਮੀਦ ਜਤਾਈ ਹੈ ਕਿ ਇਸ ਸਾਲ ਪ੍ਰਸ਼ਾਸਨ ਤੇ ਚੁਣੇ ਹੋਏ ਨੁਮਾਇੰਦੇ ਇਹਨਾਂ ਸਮੱਸਿਆਵਾਂ ਨੂੰ ਤਰਜੀਹ ਦੇਣਗੇ ਅਤੇ ਸ਼ਹਿਰ ਦੇ ਵਿਕਾਸ ਲਈ ਠੋਸ ਕਦਮ ਚੁੱਕੇ ਜਾਣਗੇ | ਜੇਕਰ ਅਜਿਹਾ ਨਹੀਂ ਹੁੰਦਾ ਤਾਂ ਆਉਣ ਵਾਲੀਆਂ ਚੋਣਾਂ 'ਚ ਇਸ ਨਿਰਾਸ਼ਾ ਦਾ ਜਵਾਬ ਉਹ ਆਪਣੇ ਮਤ ਰਾਹੀਂ ਦੇਣਗੇ |
ਮਾਨਸਾ ਦੇ ਲੋਕਾਂ ਲਈ ਪਿਛਲਾ ਸਾਲ ਵੀ ਰਿਹਾ ਨਿਰਾਸ਼ਾਜਨਕ, ਸਿਆਸੀ ਵਾਅਦੇ ਕਾਗ਼ਜ਼ਾਂ ਤੱਕ ਸੀਮਤ
ਅਜੀਤ ਡੈਸਕ
02-01-2026