ਬਰੇਟਾ, 2 ਫਰਵਰੀ (ਜੀਵਨ ਸ਼ਰਮਾ)- ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰੰਘੜਿਆਲ ਨੂੰ ਗਰੀਨ ਸਕੂਲ ਐਵਾਰਡ ਪ੍ਰਾਪਤ ਹੋਇਆ ਹੈ | ਸਕੂਲ ਦੇ ਮੁੱਖ ਅਧਿਆਪਕ ਗੁਰਸੇਵ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਇੰਡੀਆ ਹੈਬੀਟੇਟ ਸੈਂਟਰ ਨਵੀਂ ਦਿੱਲੀ ਵਿਖੇ ਡਾਇਰੈਕਟਰ ਜਨਰਲ ਸੈਂਟਰ ਫ਼ਾਰ ਸਾਇੰਸ ਐਂਡ ਇਨਵਾਇਰਨਮੈਂਟ ਇੰਡੀਆ ਸੁਮੀਤਾ ਨਰੈਣ ਅਤੇ ਉਨ੍ਹਾਂ ਦੀ ਟੀਮ ਵਲੋਂ ਸਨਮਾਨਿਤ ਕੀਤਾ ਗਿਆ ਹੈ | ਗਰੀਨ ਸਕੂਲ ਪ੍ਰੋਗਰਾਮ ਦੇ ਕੋਆਰਡੀਨੇਟਰ ਜਸਵਿੰਦਰ ਸਿੰਘ ਜਨਕ ਨੇ ਦੱਸਿਆ ਕਿ ਇਹ ਐਵਾਰਡ ਪ੍ਰਾਪਤ ਕਰਨ ਲਈ ਪਿਛਲੇ 7 ਸਾਲਾਂ ਤੋਂ ਮਿਹਨਤ ਕੀਤੀ ਜਾ ਰਹੀ ਸੀ | ਉਨ੍ਹਾਂ ਦੱਸਿਆ ਕਿ ਸਕੂਲ 'ਚ 400 ਤੋਂ ਜ਼ਿਆਦਾ ਵੱਖ-ਵੱਖ ਪ੍ਰਕਾਰ ਦੇ ਬੂਟੇ ਅਤੇ ਹੋਰ ਜ਼ਰੂਰੀ ਦਰੱਖ਼ਤ ਲਗਾਏ ਗਏ ਹਨ | ਅਧਿਆਪਕ ਨਾਜਰ ਸਿੰਘ ਬੱਛੋਆਣਾ ਨੇ ਦੱਸਿਆ ਕਿ ਸਟਾਫ਼ ਅਤੇ ਵਿਦਿਆਰਥੀਆਂ ਦੀ ਮਿਹਨਤ ਸਦਕਾ ਭਾਰਤ ਸਰਕਾਰ ਵਲੋਂ ਗਰੀਨ ਸਕੂਲ ਐਵਾਰਡ ਮਿਲਣ ਦਾ ਮੌਕਾ ਮਿਲਿਆ ਹੈ | ਇਸ ਮੌਕੇ ਸਕੂਲ ਚੇਅਰਮੈਨ ਜਗਜੀਤ ਸਿੰਘ, ਜਗਦੀਪ ਸਿੰਘ, ਸੁਖਚੈਨ ਸਿੰਘ ਚੈਨੀ, ਗੁਰਦੀਪ ਸਿੰਘ, ਜਗਤਾਰ ਸਿੰਘ, ਬਲਜਿੰਦਰ ਕੌਰ, ਕਿਰਨਪਾਲ ਕੌਰ ਆਦਿ ਹਾਜ਼ਰ ਸਨ |