ਮਾਨਸਾ, 22 ਫ਼ਰਵਰੀ (ਰਾਵਿੰਦਰ ਸਿੰਘ ਰਵੀ)- ਭੱਠਾ ਮਜ਼ਦੂਰਾਂ ਵਲੋਂ ਭਖਦੀਆਂ ਮੰਗਾਂ ਮਨਵਾਉਣ ਲਈ ਇੱਥੇ ਪੰਜਾਬ ਸਰਕਾਰ ਦਾ ਪੁਤਲਾ ਫ਼ੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਆਗੂਆਂ ਨੇ ਦੋਸ਼ ਲਗਾਇਆ ਕਿ ਸੂਬਾ ਸਰਕਾਰ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ, ਜਿਸ ਕਰ ਕੇ ਉਨ੍ਹਾਂ ਨੂੰ ਮਜਬੂਰੀ ਵੱਸ ਧਰਨੇ/ਮੁਜ਼ਾਹਰੇ ਕਰਨੇ ਪੈ ਰਹੇ ਹਨ | ਲਾਲ ਭੱਠਾ ਮਜ਼ਦੂਰ ਯੂਨੀਅਨ ਮਾਨਸਾ ਦੇ ਪ੍ਰਧਾਨ ਜੀਤ ਸਿੰਘ ਬੋਹਾ, ਸਕੱਤਰ ਵਿਜੈ ਕੁਮਾਰ ਭੀਖੀ, ਕਾ. ਰਾਜਵਿੰਦਰ ਸਿੰਘ ਰਾਣਾ, ਬਲਵਿੰਦਰ ਸਿੰਘ ਘਰਾਂਗਣਾ, ਗੁਰਮੀਤ ਸਿੰਘ ਨੰਦਗੜ੍ਹ ਅਤੇ ਗੁਰਸੇਵਕ ਸਿੰਘ ਮਾਨ ਨੇ ਕਿਹਾ ਕਿ ਲੰਬੇ ਸਮੇਂ ਤੋਂ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਕਿਰਤ ਕਮਿਸ਼ਨ ਦੀ ਇਕੱਤਰਤਾ ਨਹੀਂ ਸੱਦੀ ਗਈ, ਜਿਸ ਕਰ ਕੇ ਮਹਿੰਗਾਈ ਭੱਤੇ ਤਹਿਤ ਭੱਠਾ ਮਜ਼ਦੂਰਾਂ ਦੇ ਰੇਟਾਂ ਵਿਚ ਕੋਈ ਸਾਰਥਿਕ ਇਜ਼ਾਫਾ ਨਹੀਂ ਕੀਤਾ ਗਿਆ | ਆਗੂਆਂ ਨੇ ਕਿਹਾ ਕਿ ਭੱਠਾ ਮਜ਼ਦੂਰ ਬੇਹੱਦ ਮਾੜੇ ਹਲਾਤਾਂ 'ਚ ਭੱਠਿਆਂ 'ਤੇ ਕੰਮ ਕਰਨ ਲਈ ਮਜਬੂਰ ਹਨ, ਨਾ ਤਾਂ ਉਨ੍ਹਾਂ ਦੇ ਰਹਿਣ ਲਈ ਪੱਕੇ ਸ਼ੇਲਟਰ ਹਨ ਅਤੇ ਨਾ ਹੀ ਪੀਣ ਵਾਲਾ ਸਾਫ਼ ਪਾਣੀ | ਐਮਰਜੈਂਸੀ ਦੌਰਾਨ ਵੀ ਮੈਡੀਕਲ ਦੀ ਕੋਈ ਸਹੂਲਤ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਯੋਗ ਪ੍ਰਬੰਧ ਕੀਤੇ ਗਏ ਹਨ | ਉਨ੍ਹਾਂ ਦੋਸ਼ ਲਗਾਇਆ ਕਿ ਭੱਠਾ ਮਾਲਕ ਮਜ਼ਦੂਰਾਂ ਦੀ ਮਜਬੂਰੀ ਦਾ ਫ਼ਾਇਦਾ ਉਠਾ ਰਹੇ ਹਨ ਅਤੇ ਤੈਅ ਕੀਤੇ ਰੇਟਾਂ ਤੋਂ ਵੀ ਘੱਟ ਮਿਹਨਤਾਨਾ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ ਪਰ ਹਾਲੇ ਤੱਕ ਉਨ੍ਹਾਂ ਦੀਆਂ ਮੰਗਾਂ ਨੂੰ ਬੂਰ ਨਹੀਂ ਪਿਆ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀਆਂ ਨੂੰ ਵਾਰ-ਵਾਰ ਮੰਗ ਪੱਤਰ ਦੇਣ ਦੇ ਬਾਵਜੂਦ ਸਥਿਤੀ ਜਿਉਂ ਦੀ ਤਿਉਂ ਹੈ | ਉਨ੍ਹਾਂ ਐਲਾਨ ਕੀਤਾ ਕਿ ਜੇਕਰ ਭੱਠਾ ਮਾਲਕਾਂ ਵਲੋਂ ਕੱਲ੍ਹ ਪਥਾਈ ਦਾ ਕੰਮ ਸ਼ੁਰੂ ਨਹੀਂ ਕੀਤਾ ਗਿਆ ਤਾਂ 25 ਫਰਵਰੀ ਨੂੰ ਮਾਨਸਾ ਵਿਖੇ ਵਿਸ਼ਾਲ ਰੈਲੀ ਕੀਤੀ ਜਾਵੇਗੀ | ਸਰਬਸੰਮਤੀ ਨਾਲ ਜਮਾਦਾਰਾਂ ਦੀ ਜ਼ਿਲ੍ਹਾ ਪੱਧਰੀ ਕਮੇਟੀ ਦੇ ਗਠਨ ਮੌਕੇ ਜ਼ਿਲ੍ਹਾ ਪ੍ਰਧਾਨ ਦੀਵਾਨ ਸਿੰਘ, ਸਕੱਤਰ ਪਰਸਰਾਮ ਅਤੇ ਕਮਲੇਸ਼, ਮੀਤ ਪ੍ਰਧਾਨ ਦੇਵੇਂਦਰ ਭਵਾਨੀਦੀਨ ਤੋਂ ਇਲਾਵਾ ਗੋਲਨ, ਵਿਸ਼ਨੂੰ, ਰਾਮ ਸਿੰਘ ਨੂੰ ਕਾਰਜਕਾਰੀ ਮੈਂਬਰ ਵਜੋਂ ਚੁਣਿਆ ਗਿਆ | ਇਸ ਮੌਕੇ ਪੂਰਨ ਸਿੰਘ, ਰਾਮ ਲਖਨ ਸਿੰਘ, ਲੱਖਪਤੀ ਸਿੰਘ, ਬਾਂਕੇ ਲਾਲ, ਬਰਿੰਦਰ ਸਿੰਘ, ਗੋਰਖਨਾਥ ਸਿੰਘ, ਬਾਲ ਕਿ੍ਸ਼ਨ, ਬੰਟੀ ਸਿੰਘ, ਮੁੰਨਾ ਲਾਲ ਆਦਿ ਹਾਜ਼ਰ ਸਨ |
ਭੱਠਾ ਮਜ਼ਦੂਰਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਫ਼ੂਕ ਕੇ ਕੀਤਾ ਰੋਸ ਪ੍ਰਦਰਸ਼ਨ
ਅਜੀਤ ਡੈਸਕ
23-02-2026