ਬੁਢਲਾਡਾ, 26 ਫਰਵਰੀ (ਸਵਰਨ ਸਿੰਘ ਰਾਹੀ)-ਸਥਾਨਕ ਗੁਰੂ ਨਾਨਕ ਕਾਲਜ ਦੇ ਕਾਮਰਸ ਤੇ ਮੈਨੇਜਮੈਂਟ ਵਿਭਾਗ ਵਲੋਂ ਅਰਥ ਸ਼ਾਸਤਰ ਵਿਭਾਗ ਦੇ ਸਹਿਯੋਗ ਨਾਲ ਪਿ੍ੰਸੀਪਲ ਡਾ. ਨਰਿੰਦਰ ਸਿੰਘ ਦੀ ਰਹਿਨੁਮਾਈ ਹੇਠ 'ਸਟਾਕ ਮਾਰਕੀਟ ਰਾਹੀਂ ਸਿੱਖਦੇ ਹੋਏ ਕਮਾਓ' ਵਿਸ਼ੇ 'ਤੇ 2 ਰੋਜ਼ਾ ਸਿਖਲਾਈ ਵਰਕਸ਼ਾਪ ਲਗਾਈ ਗਈ | ਕਾਮਰਸ ਵਿਭਾਗ ਦੇ ਮੁਖੀ ਡਾ. ਸ਼ੈਂਟੀ ਕੁਮਾਰ ਨੇ ਵਿਸ਼ਾ ਮਾਹਿਰਾਂ ਤੇ ਵੱਖ-ਵੱਖ ਵਿਭਾਗਾਂ ਤੋਂ ਆਏ ਅਧਿਆਪਕਾਂ ਨੂੰ ਜੀ ਆਇਆਂ ਆਖਿਆ | ਡਾ. ਸੰਦੀਪ ਕੌਰ ਮੁਖੀ ਅਰਥ ਸ਼ਾਸਤਰ ਵਿਭਾਗ ਨੇ ਵਿਦਿਆਰਥੀਆਂ ਨਾਲ ਵਰਕਸ਼ਾਪ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਆਰਥਿਕ ਸੰਕੇਤਕ, ਮਹਿੰਗਾਈ, ਵਿਆਜ ਦਰਾਂ ਤੇ ਸਰਕਾਰੀ ਨੀਤੀਆਂ ਸਟਾਕ ਮਾਰਕੀਟ ਦੇ ਰੁਝਾਨਾਂ ਨੂੰ ਪ੍ਰਭਾਵਿਤ ਕਰਦੀਆਂ ਹਨ | ਵਰਕਸ਼ਾਪ ਦੇ ਮੁੱਖ ਬੁਲਾਰੇ ਅਸ਼ੋਕ ਗੋਇਲ ਨੇ ਸਟਾਕ ਮਾਰਕੀਟ ਰਣਨੀਤੀਆਂ ਤੇ ਨਿਵੇਸ਼ ਯੋਜਨਾਬੰਦੀ 'ਚ ਆਪਣੇ ਵਿਹਾਰਕ ਅਨੁਭਵ ਅਤੇ ਪੇਸ਼ੇਵਰ ਮੁਹਾਰਤ ਨੂੰ ਸਾਂਝਾ ਕਰਦਿਆਂ ਸਟਾਕ ਮਾਰਕੀਟ ਦੀ ਜਾਣ-ਪਛਾਣ, ਕਾਰਜ ਪ੍ਰਣਾਲੀ ਦੀ ਭੂਮਿਕਾ, ਨਿਯਮਾਂ, ਡੀਮੈਟ, ਟਰੇਡਿੰਗ ਖਾਤੇ, ਜੋਖ਼ਮ ਤੇ ਰਿਟਰਨ ਦੀ ਧਾਰਨਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਵਰਕਸ਼ਾਪ ਦਾ ਦੂਜਾ ਦਿਨ ਵਿਹਾਰਕ ਵਰਤੋਂ ਤੇ ਮਾਰਕੀਟ ਵਿਸ਼ਲੇਸ਼ਣ 'ਤੇ ਕੇਂਦਰਿਤ ਰਿਹਾ, ਜਿਸ ਤਹਿਤ ਸ੍ਰੀ ਗੋਇਲ ਨੇ ਰੀਅਲ-ਟਾਈਮ ਮਾਰਕੀਟ ਉਦਾਹਰਨਾਂ ਤੇ ਕੇਸ ਸਟੱਡੀਜ਼ ਰਾਹੀਂ ਸੈਸ਼ਨ ਨੂੰ ਪ੍ਰਭਾਵਸ਼ਾਲੀ ਬਣਾਇਆ | ਉਨ੍ਹਾਂ ਤਕਨੀਕੀ ਵਿਸ਼ਲੇਸ਼ਣ ਤੇ ਚਾਰਟ ਰੀਡਿੰਗ, ਸ਼ੇਅਰ ਖ਼ਰੀਦਣ ਅਤੇ ਵੇਚਣ ਦੀਆਂ ਰਣਨੀਤੀਆਂ, ਪੋਰਟਫੋਲੀਓ ਪ੍ਰਬੰਧਨ ਤੇ ਜੋਖ਼ਮ ਘਟਾਉਣ ਦੇ ਤਰੀਕਿਆਂ ਸੰਬੰਧੀ ਜਾਣਕਾਰੀ ਦਿੱਤੀ |