ਮਾਨਸਾ, 27 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)- ਪੀ.ਏ.ਯੂ. ਕਿ੍ਸ਼ੀ ਵਿਗਿਆਨ ਕੇਂਦਰ ਮਾਨਸਾ ਵਿਖੇ ਮਧੂ ਮੱਖੀ ਪਾਲਣ ਦਾ ਪੰਜ ਰੋਜ਼ਾ ਕਿੱਤਾਮੁਖੀ ਸਿਖਲਾਈ ਕੋਰਸ ਕਰਵਾਇਆ ਗਿਆ, ਜਿਸ ਵਿਚ ਮਾਨਸਾ ਤੇ ਬਠਿੰਡਾ ਜ਼ਿਲੇ੍ਹ ਦੇ 31 ਉਮੀਦਵਾਰਾਂ ਨੇ ਭਾਗ ਲਿਆ | ਡਾ. ਅਜੀਤਪਾਲ ਸਿੰਘ ਧਾਲੀਵਾਲ ਡਾਇਰੈਕਟਰ ਨੇ ਕਿ੍ਸ਼ੀ ਵਿਗਿਆਨ ਕੇਂਦਰ ਦੇ ਕਾਰਜਾਂ ਅਤੇ ਕੰਮਕਾਜ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਖੇਤੀਬਾੜੀ ਵਿਚ ਸਹਾਇਕ ਕਿੱਤੇ ਵਜੋਂ ਮਧੂ ਮੱਖੀ ਪਾਲਣ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਸਿੱਖਿਆਰਥੀਆਂ ਨੂੰ ਆਮਦਨ ਅਤੇ ਰੋਜ਼ਗਾਰ ਦੇ ਮੌਕਿਆਂ ਨੂੰ ਵਧਾਉਣ ਲਈ ਮਧੂ ਮੱਖੀ ਪਾਲਣ ਅਪਣਾਉਣ ਲਈ ਪ੍ਰੇਰਿਤ ਕੀਤਾ | ਤਕਨੀਕੀ ਕੋਆਰਡੀਨੇਟਰ ਡਾ. ਰਣਵੀਰ ਸਿੰਘ ਸਹਾਇਕ ਪ੍ਰੋਫੈਸਰ ਪੌਦ ਸੁਰੱਖਿਆ ਨੇ ਮਧੂ ਮੱਖੀ ਕਟੁੰਭਾਂ ਦੀ ਮੌਸਮੀ ਸਾਂਭ-ਸੰਭਾਲ, ਕਟੁੰਭ ਵਧਾਉਣ ਦਾ ਤਰੀਕਾ, ਪ੍ਰਵਾਸ/ਮਾਈਗ੍ਰੇਸ਼ਨ, ਸ਼ਹਿਦ ਕੱਢਣਾ, ਮਧੂ ਮੱਖੀਆਂ ਦੀਆਂ ਬਿਮਾਰੀਆਂ ਦੀ ਪਹਿਚਾਣ ਅਤੇ ਰੋਕਥਾਮ ਬਾਰੇ ਜਾਣਕਾਰੀ ਦਿੱਤੀ | ਆਖ਼ਰੀ ਦਿਨ ਸਮੂਹਿਕ ਰਾਣੀ ਮੱਖੀਆਂ ਤਿਆਰ ਕਰਨ ਦੀ ਵਿਧੀ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਸਿੱਖਿਆਰਥੀਆਂ ਨੂੰ ਮਧੂ ਮੱਖੀਆਂ ਤੋਂ ਸ਼ਹਿਦ ਤੋਂ ਇਲਾਵਾ ਹੋਰ ਉਤਪਾਦ ਜਿਵੇਂ ਕਿ ਰਾਇਲ ਜੈਲੀ, ਮੋਮ ਅਤੇ ਪ੍ਰੋਪਲਿਸ਼ ਤਿਆਰ ਕਰਨ ਦੀ ਵਿਧੀ ਬਾਰੇ ਦੱਸਿਆ |