ਬੁਢਲਾਡਾ, 27 ਫਰਵਰੀ (ਸੁਨੀਲ ਮਨਚੰਦਾ)- ਹਲਕਾ ਬੁਢਲਾਡਾ ਦੇ ਵਿਧਾਇਕ ਬੁੱਧ ਰਾਮ ਵਲੋਂ 66 ਕੇ.ਵੀ. ਗਰਿੱਡ ਦਾਤੇਵਾਸ ਵਿਖੇ ਨਵੇਂ ਬਿਜਲੀ ਬਰੇਕਰ ਦਾ ਉਦਘਾਟਨ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਇਸ ਨਵੇਂ ਸਿਸਟਮ ਦੇ ਲੱਗਣ ਨਾਲ ਇਲਾਕੇ ਦੇ 3 ਪਿੰਡਾਂ ਗੋਬਿੰਦਪੁਰਾ, ਜਲਵੇੜਾ ਅਤੇ ਸੰਘਰੇੜੀ ਦੇ ਹਜ਼ਾਰਾਂ ਖਪਤਕਾਰਾਂ ਨੂੰ ਬਿਜਲੀ ਦੀ ਕਿੱਲਤ ਅਤੇ ਘੱਟ ਵੋਲਟੇਜ ਦੀ ਪੁਰਾਣੀ ਸਮੱਸਿਆ ਤੋਂ ਹਮੇਸ਼ਾ ਲਈ ਛੁਟਕਾਰਾ ਮਿਲ ਜਾਵੇਗਾ | ਉਨ੍ਹਾਂ ਦੱਸਿਆ ਕਿ ਪਹਿਲਾਂ ਇਨ੍ਹਾਂ ਪਿੰਡਾਂ ਨੂੰ ਸਪਲਾਈ 66 ਕੇ.ਵੀ. ਗਰਿੱਡ ਬਰੇਟਾ ਤੋਂ ਮਿਲਦੀ ਸੀ | ਲਾਈਨ ਦੇ ਅਖੀਰ 'ਚ ਹੋਣ ਕਾਰਨ ਵੋਲਟੇਜ ਬਹੁਤ ਘੱਟ ਜਾਂਦੀ ਸੀ, ਜਿਸ ਨਾਲ ਘਰੇਲੂ ਅਤੇ ਵਪਾਰਕ ਖਪਤਕਾਰਾਂ ਨੂੰ ਵੱਡੀ ਦਿੱਕਤ ਆਉਂਦੀ ਸੀ | ਵਿਧਾਇਕ ਨੇ ਦੱਸਿਆ ਕਿ ਉਨ੍ਹਾਂ ਬਿਜਲੀ ਬੋਰਡ ਦੇ ਐਕਸੀਅਨ ਅਤੇ ਐੱਸ.ਡੀ.ਓ. ਨਾਲ ਤਾਲਮੇਲ ਕਰ ਕੇ ਇਸ ਦਾ ਵਿਸ਼ੇਸ਼ ਅਨੁਮਾਨ ਤਿਆਰ ਕਰਵਾਇਆ ਸੀ ਅਤੇ ਇਸ ਪ੍ਰੋਜੈਕਟ 'ਤੇ ਕਰੀਬ 50 ਲੱਖ ਰੁਪਏ ਦੀ ਲਾਗਤ ਆਈ ਹੈ | ਇਸ ਮੌਕੇ ਗੁਰਸੇਵਕ ਸਿੰਘ ਐਸ. ਡੀ. ਓ. ਬਰੇਟਾ, ਗੁਰਤੇਜ ਸਿੰਘ ਰਿਟਾ: ਜੇ. ਈ., ਡਾ. ਜੋਗਿੰਦਰ ਸਿੰਘ, ਕੁਲਦੀਪ ਸਿੰਘ ਪੰਚ, ਕਰਮਜੀਤ ਸਿੰਘ ਗੱਗੀ, ਗੁਰਵਿੰਦਰ ਸਿੰਘ ਕੌਮੀ ਪ੍ਰਧਾਨ, ਗੁਰਦੀਪ ਸਿੰਘ ਸਰਪੰਚ ਦਿਆਲਪੁਰ, ਬਲਵਾਨ ਸਿੰਘ ਜਲਵੇੜਾ, ਰਜਿੰਦਰ ਸਿੰਘ ਸਰਪੰਚ ਆਦਿ ਹਾਜ਼ਰ ਸਨ |