ਮਾਨਸਾ, 2 ਮਾਰਚ (ਵਿ.ਪ੍ਰਤੀ)-ਜ਼ਿਲ੍ਹਾ ਮੈਜਿਸਟਰੇਟ ਨਵਜੋਤ ਕੌਰ ਨੇ ਜ਼ਿਲ੍ਹੇ 'ਚ ਟਰੈਕਟਰਾਂ ਅਤੇ ਸਬੰਧਿਤ ਸੰਦਾਂ ਆਦਿ ਦੇ ਖ਼ਤਰਨਾਕ ਪ੍ਰਦਰਸ਼ਨ/ਸਟੰਟ ਕਰਨ 'ਤੇ ਪੂਰਨ ਤੌਰ 'ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ | ਉਨ੍ਹਾਂ ਕਿਹਾ ਕਿ ਰਾਜ 'ਚ ਬੀਤੇ ਦਿਨੀਂ ਕੁਝ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ 'ਚ ਟਰੈਕਟਰ ਅਤੇ ਸਬੰਧਿਤ ਸੰਦਾਂ ਦੇ ਖ਼ਤਰਨਾਕ ਪ੍ਰਦਰਸ਼ਨ/ਸਟੰਟ ਦੌਰਾਨ ਨੌਜਵਾਨਾਂ ਨੂੰ ਗੰਭੀਰ ਸੱਟਾਂ ਆਈਆਂ ਹਨ ਅਤੇ ਇੱਕ ਨੌਜਵਾਨ ਦੀ ਮੌਤ ਵੀ ਹੋ ਗਈ ਹੈ, ਜਿਸ ਕਾਰਨ ਟਰੈਕਟਰਾਂ ਅਤੇ ਸਬੰਧਿਤ ਸੰਦਾਂ ਦੇ ਖ਼ਤਰਨਾਕ ਪ੍ਰਦਰਸ਼ਨ/ਸਟੰਟ ਕਰਨ 'ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ | ਉਨ੍ਹਾਂ ਇੱਕ ਹੋਰ ਹੁਕਮ 'ਚ ਲੋਕ ਹਿਤ ਅਤੇ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਹਥਿਆਰਾਂ ਦੇ ਜਨਤਕ ਪ੍ਰਦਰਸ਼ਨ 'ਤੇ ਪੂਰਨ ਪਾਬੰਦੀ ਲਗਾਈ ਹੈ ਅਤੇ ਇਹ ਪਾਬੰਦੀ ਸੋਸ਼ਲ ਮੀਡੀਆ 'ਤੇ ਹਥਿਆਰਾਂ ਦੇ ਪ੍ਰਦਰਸ਼ਨ ਕਰਨ 'ਤੇ ਵੀ ਲਾਗੂ ਹੋਵੇਗੀ | ਇਸ ਤੋਂ ਇਲਾਵਾ ਜਨਤਕ ਇਕੱਠਾਂ, ਧਾਰਮਿਕ ਸਥਾਨਾਂ, ਵਿਆਹ ਪਾਰਟੀਆਂ ਜਾਂ ਹੋਰ ਸਮਾਗਮਾਂ 'ਚ ਹਥਿਆਰ ਲਿਜਾਣ ਅਤੇ ਪ੍ਰਦਰਸ਼ਨ ਕਰਨ 'ਤੇ ਵੀ ਪੂਰਨ ਰੂਪ 'ਚ ਮਨਾਹੀ ਹੋਵੇਗੀ | ਇਸੇ ਤਰ੍ਹਾਂ ਇੱਕ ਹੋਰ ਹੁਕਮ 'ਚ ਜ਼ਿਲ੍ਹੇ 'ਚ ਜਿਨ੍ਹਾਂ ਸੜਕਾਂ 'ਤੇ ਸਕੂਲ ਸਥਿਤ ਹਨ, ਉੱਥੇ ਟਿੱਪਰਾਂ ਦੀ ਆਵਾਜਾਈ ਰੋਕਣ ਦਾ ਸਮਾਂ ਸਵੇਰੇ 7 ਤੋਂ 9 ਵਜੇ ਅਤੇ ਬਾਅਦ ਦੁਪਹਿਰ 2:15 ਤੋਂ 3:45 ਵਜੇ ਤੱਕ ਨਿਰਧਾਰਿਤ ਕੀਤਾ ਗਿਆ ਹੈ | ਇਹ ਹੁਕਮ ਸਕੂਲਾਂ 'ਚ ਛੁੱਟੀ ਵਾਲੇ ਦਿਨ ਲਾਗੂ ਨਹੀਂ ਹੋਵੇਗਾ | ਇਹ ਸਾਰੇ ਹੁਕਮ 31 ਮਾਰਚ ਤੱਕ ਲਾਗੂ ਰਹਿਣਗੇ |