ਬਠਿੰਡਾ, 2 ਮਾਰਚ (ਸੱਤਪਾਲ ਸਿੰਘ ਸਿਵੀਆਂ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨਛੱਤਰ ਸਿੰਘ ਧਾਲੀਵਾਲ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸੂਬੇ ਅੰਦਰ ਹਲਕਿਆਂ ਅਨੁਸਾਰ ਸ਼ੁਰੂ ਕੀਤੀਆਂ 'ਪੰਜਾਬ ਬਚਾਓ' ਰੈਲੀਆਂ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਪੰਜਾਬ 'ਚ ਅਗਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨਾ ਤੈਅ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਪ ਦੇ ਬਦਲਾਅ ਦੇ ਝਾਂਸੇ ਵਿਚ ਆ ਕੇ ਸਿਆਸਤ ਤੋਂ ਕੋਰੇ ਲੋਕਾਂ ਨੂੰ ਸੂਬੇ ਦੀ ਸੱਤਾ ਉੱਪਰ ਕਾਬਜ਼ ਕਰ ਦਿੱਤਾ, ਜਿਸ ਕਾਰਨ ਅੱਜ ਸੂਬੇ 'ਚ ਅਮਨ-ਕਾਨੂੰਨ ਦੀ ਸਥਿਤ ਡਾਵਾਂਡੋਲ ਹੋਈ ਪਈ ਹੈ ਅਤੇ ਚਾਰੇ ਪਾਸੇ ਗੈਂਗਸਟਰਾਂ ਅਤੇ ਲੁਟੇਰਿਆਂ ਦਾ ਬੋਲਬਾਲਾ ਹੈ ਤੇ ਲੋਕ ਤਰਾਹ-ਤਰਾਹ ਕਰ ਹਨ | ਨਛੱਤਰ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕ ਅੱਜ ਅਕਾਲੀ ਸਰਕਾਰ ਨੂੰ ਯਾਦ ਕਰਦੇ ਹੋਏ, ਪੰਜਾਬ ਦੀ ਵਾਂਗਡੋਰ ਮੁੜ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਹੱਥਾਂ ਵਿਚ ਫੜਾਉਣੀ ਚਾਹੁੰਦੇ ਹਨ ਤੇ ਇਸ ਹੀ ਗਵਾਹੀ ਉਹ ਉਕਤ ਰੈਲੀਆਂ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚ ਕੇ ਭਰ ਰਹੇ ਹਨ | ਧਾਲੀਵਾਲ ਨੇ ਕਿਹਾ ਕਿ ਲੋਕ ਸਮਝ ਚੁੱਕੇ ਹਨ ਕਿ ਪੰਜਾਬ ਦੀ ਤਰੱਕੀ ਤੇ ਭਲਾਈ ਖੇਤਰੀ ਪਾਰਟੀ ਹੀ ਕਰ ਸਕਦੀ ਹੈ, ਜਿਸ ਲਈ ਲੋਕਾਂ ਨੇ ਅਕਾਲੀ ਦਲ ਨਾਲ ਖੜ੍ਹਨ ਦਾ ਪੱਕਾ ਮਨ ਬਣਾ ਲਿਆ ਹੈ |