ਮਾਨਸਾ, 3 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)- ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਗੜਬੜਾ ਗਈ ਹੈ | ਨਿੱਤ ਰੋਜ਼ ਕਤਲ ਹੋ ਰਹੇ ਹਨ ਅਤੇ ਫਿਰੌਤੀਆਂ ਮੰਗਣ ਕਰ ਕੇ ਵਪਾਰੀ ਲੋਕ ਸੂਬੇ ਨੂੰ ਛੱਡ ਹੋਰ ਰਾਜਾਂ ਤੇ ਵਿਦੇਸ਼ਾਂ 'ਚ ਜਾਣ ਨੂੰ ਮਜਬੂਰ ਹਨ | ਇਹ ਦੋਸ਼ ਸਾਬਕਾ ਕੇਂਦਰੀ ਮੰਤਰੀ ਤੇ ਲੋਕ ਸਭਾ ਹਲਕਾ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਗਾਏ | ਉਹ ਇਸਤਰੀ ਵਿੰਗ ਦੀ ਜ਼ਿਲ੍ਹਾ ਪੱਧਰੀ ਇਕੱਤਰਤਾ ਨੂੰ ਸੰਬੋਧਨ ਕਰਨ ਆਏ ਸਨ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਰਾਜ ਨੂੰ ਲਾਵਾਰਸ ਛੱਡ ਕੇ ਐਸ਼ੋ-ਆਰਾਮ ਕਰ ਰਹੇ ਹਨ ਪਰ ਜਨਤਾ ਤਰਾਹ-ਤਰਾਹ ਕਰ ਰਹੀ ਹੈ | ਉਨ੍ਹਾਂ ਆਖਿਆ ਕਿ ਸਰਕਾਰ ਨੂੰ ਦਿੱਲੀ ਦੇ ਆਕਾ ਚਲਾ ਰਹੇ ਹਨ ਅਤੇ ਸੂਬੇ ਦਾ ਪੈਸਾ ਲੁੱਟਿਆ ਜਾ ਰਿਹਾ ਹੈ | ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਪੰਜਾਬ ਦਾ ਵਿਕਾਸ ਸ਼ੋ੍ਰਮਣੀ ਅਕਾਲੀ ਦਲ ਦੀਆਂ ਸਰਕਾਰਾਂ ਮੌਕੇ ਹੋਇਆ ਹੈ ਜਦਕਿ ਕਾਂਗਰਸ ਤੇ 'ਆਪ' ਦੇ ਰਾਜ ਨੇ ਵਿਨਾਸ਼ ਹੀ ਕੀਤਾ ਹੈ | ਬੀਬੀ ਬਾਦਲ ਨੇ ਕਿਹਾ ਕਿ 2022 'ਚ ਪੰਜਾਬ ਸਿਰ ਢਾਈ ਲੱਖ ਕਰੋੜ ਕਰਜ਼ਾ ਸੀ ਜਦਕਿ ਹੁਣ 5 ਲੱਖ ਕਰੋੜ ਤੋਂ ਵਧੇਰੇ ਹੋ ਗਿਆ ਹੈ | ਉਨ੍ਹਾਂ ਕਿਹਾ ਰਾਜ 'ਚ ਨਜਾਇਜ਼ ਮਾਈਨਿੰਗ ਰੋਕ ਕੇ 40 ਹਜ਼ਾਰ ਕਰੋੜ ਆਮਦਨ ਵਧਾਉਣ ਦੀਆਂ ਗੱਲਾਂ ਕਰਨ ਵਾਲੀ ਆਪ ਸੱਤਾ ਹਾਸਲ ਕਰਨ ਤੋਂ ਬਾਅਦ ਖ਼ੁਦ ਜੇਬਾਂ ਭਰਨ 'ਤੇ ਲੱਗੀ ਹੋਈ ਹੈ ਅਤੇ ਔਰਤਾਂ ਨੂੰ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਵੀ ਪੂਰਾ ਨਹੀਂ ਕੀਤਾ ਗਿਆ | ਉਨ੍ਹਾਂ ਔਰਤ ਵਰਗ ਨੂੰ ਅਪੀਲ ਕੀਤੀ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਹੱਥ ਮਜ਼ਬੂਤ ਕੀਤੇ ਜਾਣ ਤਾਂ ਕਿ 2027 ਦੀਆਂ ਚੋਣਾਂ ਤੋਂ ਬਾਅਦ ਰਾਜ ਤੇ ਲੋਕਾਂ ਦੀ ਭਲਾਈ ਵਾਲੇ ਕਾਰਜ ਕੀਤੇ ਜਾਣ | ਇਕੱਤਰਤਾ ਨੂੰ ਇਸਤਰੀ ਵਿੰਗ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ, ਜ਼ਿਲ੍ਹਾ ਪ੍ਰਧਾਨ ਕਰਮਜੀਤ ਕੌਰ ਸਮਾਓਾ, ਪਾਰਟੀ ਦੇ ਹਲਕਾ ਮਾਨਸਾ ਦੇ ਇੰਚਾਰਜ ਪ੍ਰੇਮ ਕੁਮਾਰ ਅਰੋੜਾ ਨੇ ਵੀ ਸੰਬੋਧਨ ਕੀਤਾ |
ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਗੜਬੜਾਈ-ਹਰਸਿਮਰਤ ਕੌਰ ਬਾਦਲ
ਅਜੀਤ ਡੈਸਕ
04-03-2026