ਬਠਿੰਡਾ, 3 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ): ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਤੋਂ 'ਆਪ' ਦੇ ਵਿਧਾਇਕ ਇੰਜੀ. ਅਮਿਤ ਰਤਨ ਕੋਟਫੱਤਾ ਨੇ ਲੰਘੇ ਦਿਨ ਆਏ ਬੇਮੌਸਮੀ ਮੀਂਹ, ਗੜ੍ਹੇਮਾਰੀ ਅਤੇ ਤੇਜ਼ ਹਵਾਵਾਂ ਕਾਰਨ ਫ਼ਸਲਾਂ ਦੇ ਹੋਏ ਭਾਰੀ ਨੁਕਸਾਨ ਦੇ ਮੱਦੇਨਜ਼ਰ ਮੁੱਖ ਮੰਤਰੀ, ਪੰਜਾਬ ਨੂੰ ਪੱਤਰ ਲਿਖ ਕੇ ਤੁਰੰਤ ਗਿਰਦਾਵਰੀ ਕਰਵਾਉਣ ਅਤੇ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ¢ ਵਿਧਾਇਕ ਨੇ ਦੱਸਿਆ ਕਿ ਉਸ ਦੇ ਹਲਕੇ ਦੇ ਪਿੰਡ ਲਾਲਬਾਈ, ਰਾਏ ਕੇ ਕਲਾਂ, ਜੈ ਸਿੰਘ ਵਾਲਾ, ਬਹਾਦਰਗੜ੍ਹ ਜੰਡੀਆਂ ਅਤੇ ਗੁਰੂਸਰ ਸੈਣੇਵਾਲਾ ਸਮੇਤ ਕਈ ਪਿੰਡਾਂ ਵਿਚ ਕਿਸਾਨਾਂ ਦੀਆਂ ਫ਼ਸਲਾਂ ਨੂੰ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਹੈ¢ ਜਿਸ ਕਾਰਨ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਹੋਇਆ ਹੈ ਅਤੇ ਉਨ੍ਹਾਂ ਦੀ ਰੋਜ਼ੀ-ਰੋਟੀ ਪ੍ਰਭਾਵਿਤ ਹੋਈ ਹੈ¢ ਇੰਜੀ. ਅਮਿਤ ਰਤਨ ਨੇ ਕਿਹਾ ਕਿ ਉਹ ਇਸ ਮੁਸ਼ਕਲ ਸਮੇਂ ਵਿਚ ਕਿਸਾਨਾਂ ਦੇ ਨਾਲ ਡਟ ਕੇ ਖੜ੍ਹੇ ਹਨ ਅਤੇ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਲਈ ਹਰ ਸੰਭਵ ਯਤਨ ਕਰ ਰਹੇ ਹਨ¢ ਉਨ੍ਹਾਂ ਨੇ ਸਰਕਾਰ ਤੋਂ ਜ਼ੋਰਦਾਰ ਅਪੀਲ ਕੀਤੀ ਹੈ ਕਿ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਤੁਰੰਤ ਗਿਰਦਾਵਰੀ ਕਰਨ ਦੇ ਹੁਕਮ ਜਾਰੀ ਕੀਤੇ ਜਾਣ, ਤਾਂ ਜੋ ਪ੍ਰਭਾਵਿਤ ਕਿਸਾਨਾਂ ਨੂੰ ਜਲਦ ਅਤੇ ਯੋਗ ਮੁਆਵਜ਼ਾ ਮਿਲ ਸਕੇ¢ ਉਨ੍ਹਾਂ ਨੇ ਅੱਗੇ ਕਿਹਾ ਕਿ ਕਿਸਾਨ ਲਗਾਤਾਰ ਤੀਜੇ ਸਾਲ ਇਸ ਤਰ੍ਹਾਂ ਦੀਆਂ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰ ਰਹੇ ਹਨ, ਜੋ ਮੌਸਮੀ ਤਬਦੀਲੀ ਦਾ ਸਪੱਸ਼ਟ ਸੰਕੇਤ ਹੈ¢ ਇਸ ਲਈ ਉਨ੍ਹਾਂ ਵਲੋਂ ਸੂਬਾ ਸਰਕਾਰ ਅੱਗੇ ਮੰਗ ਹੈ ਕਿ ਕਿਸਾਨਾਂ ਦੀ ਆਰਥਿਕ ਸੁਰੱਖਿਆ ਲਈ ਇਕ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਫ਼ਸਲ ਬੀਮਾ ਯੋਜਨਾ ਲਾਗੂ ਕੀਤੀ ਜਾਵੇ¢ਵਿਧਾਇਕ ਨੇ ਇਹ ਵੀ ਮੰਗ ਕੀਤੀ ਕਿ ਇਸ ਸੰਕਟ ਦੀ ਘੜੀ ਵਿਚ ਕਿਸਾਨਾਂ ਨੂੰ ਤੁਰੰਤ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਜਾਵੇ, ਤਾਂ ਜੋ ਉਹ ਆਪਣੇ ਆਰਥਿਕ ਨੁਕਸਾਨ ਤੋਂ ਬਾਹਰ ਨਿਕਲ ਸਕਣ ਅਤੇ ਆਪਣੀ ਜ਼ਿੰਦਗੀ ਨੂੰ ਮੁੜ ਪਟੜੀ 'ਤੇ ਲਿਆ ਸਕਣ¢