ਭੁੱਚੋ ਮੰਡੀ, 8 ਅਪ੍ਰੈਲ (ਪਰਵਿੰਦਰ ਸਿੰਘ ਜੌੜਾ)-ਬੀਤੀ ਦੇਰ ਸ਼ਾਮ ਖੇਤਰ ਦੇ ਪਿੰਡਾਂ ਵਿਚ ਪਏ ਭਾਰੀ ਮੀਂਹ ਨਾਲ ਖੇਤਾਂ ਵਿਚ ਪੱਕੀਆਂ ਅਤੇ ਪੱਕਣ 'ਤੇ ਆਈਆਂ ਕਣਕ ਦੀਆਂ ਖੜ੍ਹੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ | ਮੀਂਹ ਦੇ ਨਾਲ-ਨਾਲ ਤੇਜ਼ ਹਵਾਵਾਂ ਚੱਲਣ ਨਾਲ ਕਣਕ ਦੀਆਂ ਫ਼ਸਲਾਂ ਖੇਤਾਂ ਵਿਚ ਵਿਛ ਗਈਆਂ, ਨਾਲ ਫ਼ਸਲ ਦਾ ਝਾੜ ਘਟਣ ਦੇ ਖ਼ਦਸ਼ੇ ਬਣ ਗਏ ਹਨ | ਕੁਦਰਤ ਦੇ ਇਸ ਕਹਿਰ ਨਾਲ ਸੂਬੇ ਦੀ ਆਰਥਿਕਤਾ 'ਤੇ ਵੀ ਮਾੜਾ ਪ੍ਰਭਾਵ ਪੈਣ ਦੇ ਆਸਾਰ ਬਣ ਗਏ ਹਨ | ਚੱਕ ਬਖ਼ਤੂ ਦੇ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਢਿੱਲੋਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਪਿੰਡ ਵਿਚ ਕਣਕ ਦੀ ਫ਼ਸਲ ਦਾ 20 ਤੋਂ 30 ਫ਼ੀਸਦੀ ਨੁਕਸਾਨ ਹੋਣ ਦਾ ਅਨੁਮਾਨ ਹੈ | ਉਨ੍ਹਾਂ ਕਿਹਾ ਕਿ ਫ਼ਸਲ ਵਿਛਣ ਨਾਲ ਨਾ ਸਿਰਫ਼ ਕਣਕ ਦੇ ਦਾਣੇ ਕਾਲੇ ਹੋ ਸਕਦੇ ਹਨ ਸਗੋਂ ਕਣਕ ਦੀ ਵਾਢੀ ਵੀ ਲੇਟ ਹੋ ਜਾਵੇਗੀ | ਇਸੇ ਪਿੰਡ ਦੇ ਕਿਸਾਨਾਂ ਸਵਰਨ ਸਿੰਘ, ਕਰਨੈਲ ਸਿੰਘ, ਪ੍ਰੀਤਮ ਸਿੰਘ, ਬਲਵੀਰ ਸਿੰਘ ਅਤੇ ਕੁਲਦੀਪ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਖੇਤਾਂ ਵਿਚ ਮੀਂਹ ਅਤੇ ਹਨੇਰੀ ਨਾਲ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ | ਤੁੰਗਵਾਲੀ ਦੇ ਮੌਜੂਦਾ ਸਰਪੰਚ ਜੋਗਿੰਦਰ ਸਿੰਘ ਬਰਾੜ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਬੂਟਾ ਸਿੰਘ ਤੁੰਗਵਾਲੀ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਪਿੰਡ ਵਿਚ ਬੀਤੀ ਦੇਰ ਸ਼ਾਮ ਆਏ ਝੱਖੜ-ਝਾਉਲੇ ਨੇ ਕਣਕ ਦੀ ਫ਼ਸਲ ਦਾ ਵਿਆਪਕ ਨੁਕਸਾਨ ਕੀਤਾ ਹੈ | ਕਿਸਾਨ ਆਗੂ ਨੇ ਕਿਹਾ ਕਿ ਸਰਕਾਰ ਕਣਕ ਦੇ ਖ਼ਰਾਬੇ ਦਾ 50 ਤੋਂ 60 ਹਜ਼ਾਰ ਰੁਪਏ ਪਰਤੀ ਏਕੜ ਮੁਆਵਜ਼ਾ ਦੇਵੇ | ਭੁੱਚੋ ਕਲਾਂ ਦੇ ਸਾਬਕਾ ਪੰਚ ਬਲਵੀਰ ਸਿੰਘ ਨੇ ਕਿਹਾ ਕਿ ਖੇਤਾਂ ਵਿਚ ਕਾਫੀ ਫ਼ਸਲ ਵਿਛ ਚੁੱਕੀ ਹੈ, ਨਾਲ ਵਾਢੀ ਤਾਂ ਲੇਟ ਹੋਵੇਗੀ ਹੀ, ਨਾਲ ਹੀ ਵਾਢੀ ਦੇ ਲਾਗਤ ਖ਼ਰਚੇ ਵੀ ਵਧਣਗੇ | ਭੁੱਚੋ ਖ਼ੁਰਦ ਦੇ ਕਰਮਜੀਤ ਸਿੰਘ ਬਿੱਟੂ ਭਾਈਕਾ ਦਾ ਕਹਿਣਾ ਸੀ ਕਿ ਭਾਵੇਂ ਇਸ ਇਲਾਕੇ ਵਿਚ ਗੜੇਮਾਰੀ ਤੋਂ ਬਚਾਅ ਰਿਹਾ, ਪ੍ਰੰਤੂ ਮੀਹਾਂ ਨੇ ਫ਼ਸਲਾਂ ਦਾ ਕਾਫੀ ਨੁਕਸਾਨ ਕੀਤਾ ਹੈ | ਸੇਮਾ ਪਿੰਡ ਦੇ ਕਿਸਾਨ ਆਗੂ ਗੁਰਦਾਸ ਸਿੰਘ ਅਤੇ ਲਹਿਰਾ ਬੇਗਾ ਦੇ ਬਚਿੱਤਰ ਸਿੰਘ ਦਾ ਕਹਿਣਾ ਸੀ ਕਿ ਕੁਝ ਦਿਨ ਪਹਿਲਾਂ ਆਏ ਮੀਂਹ ਨੇ ਜੋ ਫ਼ਸਲਾਂ ਵਿਛਾ ਦਿੱਤੀਆਂ ਸਨ, ਬੀਤੀ ਰਾਤ ਦੇ ਮੀਂਹ ਨੇ ਉਨ੍ਹਾਂ ਨੂੰ ਲਗਭਗ ਖ਼ਤਮ ਹੀ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਜੋ ਫ਼ਸਲ ਬਚੀ ਵੀ ਹੈ, ਉਸ ਦੇ ਵੀ ਝਾੜ 'ਤੇ ਮਾੜਾ ਅਸਰ ਪਵੇਗਾ | ਚੱਕ ਫਤਿਹ ਸਿੰਘ ਵਾਲਾ ਦੇ ਹਰਮੇਲ ਸਾਗਰ ਨੇ ਕਿਸਾਨੀ ਦੀ ਹਾਲਤ 'ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਪਹਿਲਾਂ ਤੋਂ ਹੀ ਕਰਜ਼ੇ ਦੇ ਮੱਕੜ-ਜਾਲ ਵਿਚ ਫਸੇ ਕਿਸਾਨ 'ਤੇ ਕੁਦਰਤ ਕਹਿਰ ਬਣ ਕੇ ਟੁੱਟੀ ਹੈ | ਉਨ੍ਹਾਂ ਕਿਹਾ ਕਿ ਕੱਲ੍ਹ ਰਾਤ ਦੇ ਮੀਂਹ ਅਤੇ ਤੇਜ਼ ਹਵਾਵਾਂ ਨੇ ਉਨ੍ਹਾਂ ਦੇ ਘਰ ਚਾਰਦੀਵਾਰੀ ਅੰਦਰ ਲੱਗੇ ਬੂਟੇ ਤੱਕ ਉਖਾੜ ਦਿੱਤੇ, ਖੁੱਲ੍ਹੇ ਖੇਤਾਂ ਵਿਚ ਪੱਕਣ 'ਤੇ ਆਈਆਂ ਫ਼ਸਲਾਂ ਦਾ ਕੀ ਹਾਲ ਹੋਇਆ ਹੋਵੇਗਾ, ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ | ਪੂਹਲੀ ਦੇ ਗੁਰਸੇਵਕ ਸਿੰਘ ਭੁੱਲਰ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਪਿੰਡ ਮੀਂਹ ਨਾਲ ਫ਼ਸਲਾਂ ਦੇ ਹੋਏ ਨੁਕਸਾਨ ਦਾ ਸਰਕਾਰ ਤੁਰੰਤ ਗਿਰਦਾਵਰੀ ਕਰਵਾ ਕੇ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦੇਵੇ |