ਰਾਮਾਂ ਮੰਡੀ, 12 ਅਪ੍ਰੈਲ (ਤਰਸੇਮ ਸਿੰਗਲਾ)-ਸਥਾਨਕ ਸਹਾਰਾ ਆਈ ਕੇਅਰ ਸੈਂਟਰ ਵਿਖੇ ਗਰੇ ਮੈਟਰਜ਼ ਬਠਿੰਡਾ ਦੇ ਐੱਮ.ਡੀ. ਰਾਕੇਸ਼ ਕਪੂਰ ਵਲੋਂ ਰਾਮਾਂ ਸਹਾਰਾ ਕਲੱਬ ਦੇ ਸਹਿਯੋਗ ਨਾਲ ਆਪਣੇ ਮਾਤਾ-ਪਿਤਾ ਸ਼੍ਰੀਮਤੀ ਪ੍ਰੇਮ ਲਤਾ ਕਪੂਰ ਅਤੇ ਸ਼੍ਰੀ ਰਾਮਪਾਲ ਕਪੂਰ ਦੀ ਯਾਦ ਵਿਚ 24ਵਾਂ ਮੁਫ਼ਤ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾ: ਕਰਨ ਸਾਰਵਾਲ (ਐਮ.ਐੱਸ.), ਰਾਮਪੁਰਾ ਫੂਲ ਅਤੇ ਉਨ੍ਹਾਂ ਦੀ ਟੀਮ ਵਲੋਂ ਕੁੱਲ 51 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ | ਮਰੀਜ਼ਾਂ ਨੂੰ ਲੋੜ ਅਨੁਸਾਰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ | ਜਾਂਚ ਦੌਰਾਨ 8 ਮਰੀਜ਼ ਮੋਤੀਆਬਿੰਦ ਨਾਲ ਪੀੜ੍ਹਤ ਪਾਏ ਗਏ, ਜਿਨ੍ਹਾਂ ਦੇ ਆਪ੍ਰੇਸ਼ਨ ਵੀ ਮੁਫ਼ਤ ਕੀਤੇ ਜਾਣਗੇ | ਕਲੱਬ ਦੇ ਪ੍ਰਧਾਨ ਐਡਵੋਕੇਟ ਸੁਰੇਸ਼ ਕੁਮਾਰ ਕਾਂਸਲ ਨੇ ਇਸ ਉਪਰਾਲੇ ਲਈ ਐਮ. ਡੀ. ਰਾਕੇਸ਼ ਕਪੂਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀ ਸੇਵਾ ਭਾਵਨਾ ਨਾਲ ਭਰੇ ਕੈਂਪ ਸਮਾਜ ਲਈ ਬਹੁਤ ਲਾਭਕਾਰੀ ਸਾਬਿਤ ਹੁੰਦੇ ਹਨ ਅਤੇ ਲੋੜਵੰਦ ਲੋਕਾਂ ਨੂੰ ਵੱਡੀ ਰਾਹਤ ਪ੍ਰਦਾਨ ਕਰਦੇ ਹਨ | ਇਸ ਮੌਕੇ ਕਲੱਬ ਦੇ ਪ੍ਰਧਾਨ ਐਡਵੋਕੇਟ ਸੁਰੇਸ਼ ਕਾਂਸਲ, ਪ੍ਰੋਜੈਕਟ ਚੇਅਰਮੈਨ ਹੰਸ ਰਾਜ ਖੰਨਾ, ਕੈਸ਼ੀਅਰ ਸੁਰੇਸ਼ ਜੱਗਾ, ਸਕੱਤਰ ਵਿਕਰਾਂਤ ਗੋਇਲ ਐਡਵੋਕੇਟ, ਸਰਪ੍ਰਸਤ ਡਾ. ਸੋਹਨ ਲਾਲ ਕਲਿਆਣੀ, ਅਸ਼ੋਕ ਕੁਮਾਰ ਸੇਤੀਆ ਸਮੇਤ ਹੋਰ ਅਹੁੱਦੇਦਾਰ ਮੌਜੂਦ ਸਨ |