ਭਗਤਾ ਭਾਈਕਾ, 19 ਅਪ੍ਰੈਲ (ਸੁਖਪਾਲ ਸਿੰਘ ਸੋਨੀ)-ਵਿਧਾਇਕ ਬਲਕਾਰ ਸਿੱਧੂ ਵਲੋਂ ਅੱਜ ਹਲਕੇ ਰਾਮਪੁਰਾ ਫੂਲ ਦੇ ਦਿਆਲਪੁਰਾ ਭਾਈਕਾ, ਜਲਾਲ,ਭਗਤਾ ਭਾਈਕਾ, ਕੋਠਾਗੁਰੂ, ਦਿਆਲਪੁਰਾ ਮਿਰਜ਼ਾ ਦੀਆਂ ਦਾਣਾ ਮੰਡੀਆਂ ਦਾ ਤੂਫ਼ਾਨੀ ਦੌਰਾ ਕਰਕੇ ਕਣਕ ਦੀ ਖ਼ਰੀਦ ਸੰਬੰਧੀ ਪ੍ਰਬੰਧਾਂ ਦਾ ਵਿਸਥਾਰ ਨਾਲ ਜਾਇਜ਼ਾ ਲਿਆ ਗਿਆ | ਇਸ ਮੌਕੇ ਉਨ੍ਹਾਂ ਨਾਲ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਰਹੇ | ਵਿਧਾਇਕ ਸਿੱਧੂ ਨੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਕਿ ਖ਼ਰੀਦ ਪ੍ਰਕਿਰਿਆ ਦੌਰਾਨ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਸਾਰੇ ਪ੍ਰਬੰਧ ਸੁਚਾਰੂ ਢੰਗ ਨਾਲ ਚਲਾਏ ਜਾਣ | ਉਨ੍ਹਾਂ ਖ਼ਾਸ ਤੌਰ 'ਤੇ ਮੰਡੀਆਂ ਵਿਚ ਪੀਣ ਯੋਗ ਸਾਫ਼ ਪਾਣੀ, ਬੈਠਣ ਲਈ ਛਾਂਦਾਰ ਸ਼ੈੱਡ, ਲਾਈਟਾਂ ਦਾ ਪੂਰਨ ਪ੍ਰਬੰਧ, ਸਫ਼ਾਈ ਅਤੇ ਬਾਰਦਾਨੇ ਦੀ ਪੂਰੀ ਉਪਲਬਧਤਾ ਯਕੀਨੀ ਬਣਾਉਣ ਲਈ ਕਿਹਾ | ਉਨ੍ਹਾਂ ਮੰਡੀਆਂ ਵਿਚ ਤੋਲ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਉਣ, ਕਣਕ ਦੀ ਢੇਰੀਆਂ ਦੀ ਸਮੇਂ ਸਿਰ ਲਿਫ਼ਟਿੰਗ ਅਤੇ ਕਿਸਾਨਾਂ ਨੂੰ ਬੇਲੋੜੀ ਦੇਰੀ ਤੋਂ ਬਚਾਉਣ ਲਈ ਵੀ ਨਿਰਦੇਸ਼ ਦਿੱਤੇ | ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਕਿਸੇ ਵੀ ਕਿਸਮ ਦੀ ਅਵਿਵਸਥਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਸਾਰੇ ਅਧਿਕਾਰੀ ਆਪਣੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਉਣ | ਵਿਧਾਇਕ ਸਿੱਧੂ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਮੰਡੀਆਂ ਵਿਚ ਹਰ ਤਰ੍ਹਾਂ ਦੀ ਬੁਨਿਆਦੀ ਅਤੇ ਜ਼ਰੂਰੀ ਸਹੂਲਤ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹੈ | ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਆਦੇਸ਼ ਦਿੱਤੇ ਕਿ ਮੰਡੀਆਂ ਵਿਚ ਆ ਰਹੀਆਂ ਕਿਸੇ ਵੀ ਸਮੱਸਿਆ ਨੂੰ ਤੁਰੰਤ ਹੱਲ ਕੀਤਾ ਜਾਵੇ ਅਤੇ ਕਿਸਾਨਾਂ ਨਾਲ ਸਹਿਯੋਗੀ ਰਵੱਈਆ ਅਪਣਾਇਆ ਜਾਵੇ | ਇਸ ਮੌਕੇ ਅੰਮਿ੍ਤਪਾਲ ਸਿੰਘ ਸਕੱਤਰ, ਬੂਟਾ ਸਿੰਘ ਜਲਾਲ, ਰਾਜਵਿੰਦਰ ਸਿੰਘ ਗਿੱਲ ਹਲਕਾ ਕੋਆਰਡੀਨੇਟਰ, ਚੇਅਰਮੈਨ ਬੇਅੰਤ ਸਿੰਘ ਧਾਲੀਵਾਲ, ਜਗਵੀਰ ਸਿੰਘ ਸੀਰਾ ਪੰਨੂ, ਰਾਕੇਸ਼ ਕੁਮਾਰ ਅਰੋੜਾ ਆਦਿ ਕਿਸਾਨ ਹਾਜ਼ਰ ਸਨ |
ਵਿਧਾਇਕ ਬਲਕਾਰ ਸਿੱਧੂ ਵਲੋਂ ਹਲਕਾ ਰਾਮਪੁਰਾ ਫੂਲ ਦੀਆਂ ਦਾਣਾ ਮੰਡੀਆਂ ਦਾ ਦੌਰਾ <br/>
ਅਜੀਤ ਡੈਸਕ
20-04-2026