ਮਾਨਸਾ, 22 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)- ਸ਼ਹਿਰ ਦੇ ਮਾਸਟਰ ਪਲਾਨ ਨੂੰ ਲਾਗੂ ਕਰਨ ਦੀ ਮੰਗ ਨੂੰ ਲੈ ਕੇ 21 ਮੈਂਬਰ ਸੰਘਰਸ਼ ਕਮੇਟੀ ਦਾ ਵਫ਼ਦ ਵਧੀਕ ਡਿਪਟੀ ਕਮਿਸ਼ਨਰ ਮਾਨਸਾ ਅਨੁਪਿ੍ਤਾ ਜੌਹਲ ਨੂੰ ਮਿਲਿਆ | ਉਨ੍ਹਾਂ ਦੱਸਿਆ ਕਿ ਚੀਫ਼ ਟਾਊਨ ਪਲਾਨਰ ਵਲੋਂ ਤਿਆਰ ਕੀਤਾ ਮਾਸਟਰ ਪਲਾਨ ਅਜੇ ਤੱਕ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਗਿਆ, ਜਿਸ ਕਾਰਨ ਸ਼ਹਿਰ 'ਚ ਬੇਤਰਤੀਬ ਉਸਾਰੀਆਂ ਵੱਧ ਰਹੀਆਂ ਹਨ ਅਤੇ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਸੜਕਾਂ ਦੀ ਲੰਬਾਈ ਤੇ ਚੌੜਾਈ ਮਾਸਟਰ ਪਲਾਨ ਅਨੁਸਾਰ ਨਿਰਧਾਰਿਤ ਕੀਤੀ ਗਈ ਹੈ ਪਰ ਕਈ ਥਾਵਾਂ 'ਤੇ ਇਹ ਮਾਪਦੰਡ ਲਾਗੂ ਨਹੀਂ ਕੀਤੇ ਜਾ ਰਹੇ, ਜਿਸ ਨਾਲ ਆਉਂਦੇ ਸਮੇਂ 'ਚ ਟਰੈਫ਼ਿਕ ਅਤੇ ਹੋਰ ਬੁਨਿਆਦੀ ਸੁਵਿਧਾਵਾਂ ਨਾਲ ਸਬੰਧਿਤ ਸਮੱਸਿਆਵਾਂ ਵੱਧ ਸਕਦੀਆਂ ਹਨ | ਉਨ੍ਹਾਂ ਦੋਸ਼ ਲਗਾਇਆ ਕਿ ਕਈ ਬਿਲਡਿੰਗ ਨਕਸ਼ੇ ਪਲਾਨ ਦੀ ਪੂਰੀ ਜਾਂਚ ਤੋਂ ਬਿਨਾਂ ਹੀ ਪਾਸ ਕੀਤੇ ਜਾ ਰਹੇ ਹਨ, ਜੋ ਨਿਯਮਾਂ ਦੀ ਉਲੰਘਣਾ ਹੈ | ਉਨ੍ਹਾਂ ਮੰਗ ਉਠਾਈ ਕਿ ਸੜਕਾਂ ਦੀ ਲੰਬਾਈ ਤੇ ਚੌੜਾਈ ਨੂੰ ਨਿਯਮਾਂ ਅਨੁਸਾਰ ਠੀਕ ਕੀਤਾ ਜਾਵੇ, ਸਾਰੇ ਬਿਲਡਿੰਗ ਨਕਸ਼ੇ ਸਖ਼ਤੀ ਨਾਲ ਮਾਸਟਰ ਪਲਾਨ ਅਨੁਸਾਰ ਹੀ ਮਨਜ਼ੂਰ ਕੀਤੇ ਜਾਣ ਅਤੇ ਮਾਸਟਰ ਪਲਾਨ ਖ਼ਿਲਾਫ਼ ਇਮਾਰਤਾਂ ਜਾਂ ਨਿਰਮਾਣ 'ਤੇ ਤੁਰੰਤ ਕਾਰਵਾਈ ਕੀਤੀ ਜਾਵੇ | ਵਫ਼ਦ 'ਚ ਐਡਵੋਕੇਟ ਗੁਰਲਾਭ ਸਿੰਘ ਮਾਹਲ, ਹਰਵਿੰਦਰ ਸ਼ਰਮਾ, ਡਾ. ਧੰਨਾ ਮੱਲ ਗੋਇਲ, ਹਰਿੰਦਰ ਸਿੰਘ ਮਾਨਸ਼ਾਹੀਆ, ਮਨਜੀਤ ਸਿੰਘ ਸਦਿਓੜਾ, ਅੰਕੁਸ਼ ਜਿੰਦਲ ਆਦਿ ਸ਼ਾਮਿਲ ਸਨ |