ਸਰਦੂਲਗੜ੍ਹ, 5 ਮਈ (ਜੀ.ਐਮ. ਅਰੋੜਾ)- ਬੀਤੀ ਰਾਤ ਸਥਾਨਕ ਥਾਣੇ ਅੱਗੇ ਵਾਰਡ ਨੰਬਰ 5 ਦੇ ਵਾਸੀਆਂ ਨੇ ਉਸ ਸਮੇਂ ਧਰਨਾ ਲਗਾ ਲਿਆ ਜਦੋਂ ਪੁਲਿਸ ਵਲੋਂ ਵਾਰਡ ਦੇ ਇਕ ਨੌਜਵਾਨ ਨੂੰ ਨਸ਼ੇ ਦੇ ਮਾਮਲੇ ਵਿਚ ਗਿ੍ਫ਼ਤਾਰ ਕਰ ਕੇ ਥਾਣੇ ਲਿਆਂਦਾ ਗਿਆ | ਨੌਜਵਾਨ ਦੀ ਮਾਤਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਵਲੋਂ ਉਨ੍ਹਾਂ ਦੇ ਘਰ ਕੀਤੀ ਗਈ ਛਾਪੇਮਾਰੀ ਦੌਰਾਨ ਉਸ ਦੇ ਪੁੱਤਰ ਗੁਰਪਿਆਰ ਸਿੰਘ ਨੂੰ ਇਹ ਕਹਿ ਕੇ ਥਾਣੇ ਲੈ ਗਏ ਕਿ ਇਸ ਕੋਲੋਂ ਨਸ਼ੇ ਸਬੰਧੀ ਪੁੱਛਗਿੱਛ ਕਰਨੀ ਹੈ, ਪੁੱਛਗਿੱਛ ਤੋਂ ਬਾਅਦ ਇਸ ਨੂੰ ਛੱਡ ਦਿੱਤਾ ਜਾਵੇਗਾ ਪਰ 6-7 ਘੰਟੇ ਬੀਤ ਜਾਣ ਤੋਂ ਬਾਅਦ ਪੁਲਿਸ ਨੇ ਉਸ ਨੂੰ ਛੱਡਣ ਦੀ ਬਜਾਏ ਉਸ 'ਤੇ ਨਸ਼ੇ ਸਬੰਧੀ ਪਰਚਾ ਦਰਜ ਕਰ ਦਿੱਤਾ | ਰੋਸ ਵਜੋਂ ਥਾਣੇ ਦੇ ਗੇਟ ਅੱਗੇ ਧਰਨਾ ਲਗਾਇਆ ਗਿਆ | ਵਾਰਡ ਦੇ ਕੌਂਸਲਰ ਵਰਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਵਲੋਂ ਬੇਕਸੂਰ ਨੌਜਵਾਨ 'ਤੇ ਨਸ਼ੇ ਦਾ ਪਰਚਾ ਪਾ ਦਿੱਤਾ ਗਿਆ ਹੈ, ਜੋ ਸ਼ਰੇਆਮ ਧੱਕੇਸ਼ਾਹੀ ਹੈ ਅਤੇ ਉਹ ਪਰਿਵਾਰ ਨਾਲ ਖੜ੍ਹੇ ਹਨ | ਨੌਜਵਾਨ ਦੀ ਮਾਤਾ ਅਤੇ ਪੋਤਾ ਵਾਰਡ 'ਚ ਲੱਗੇ ਟਾਵਰ 'ਤੇ ਚੜ੍ਹ ਗਏ | ਉਨ੍ਹਾਂ ਕਿਹਾ ਕਿ ਜਦੋਂ ਤੱਕ ਪੁਲਿਸ ਗੁਰਪਿਆਰ ਸਿੰਘ 'ਤੇ ਦਰਜ ਕੀਤਾ ਝੂਠਾ ਮੁਕੱਦਮਾ ਵਾਪਸ ਨਹੀਂ ਲੈਂਦੀ, ਉਹ ਟਾਵਰ ਤੋਂ ਨਹੀਂ ਉੱਤਰਨਗੇ |
ਨਸ਼ੀਲੀਆਂ ਗੋਲੀਆਂ ਫੜੀਆਂ-ਐਸ.ਐਚ.ਓ.
ਇਸ ਸਬੰਧੀ ਜਦੋਂ ਥਾਣਾ ਮੁਖੀ ਪੁਸ਼ਪਿੰਦਰ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਚਲਾਈ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਅੱਜ ਨਸ਼ੇ ਨਾਲ ਜੁੜੇ ਕੁਝ ਵਿਅਕਤੀਆਂ ਦੇ ਘਰ ਛਾਪੇਮਾਰੀ ਕੀਤੀ ਗਈ ਸੀ, ਜਿਸ ਦੌਰਾਨ ਗੁਰਪਿਆਰ ਸਿੰਘ ਜਿਸ 'ਤੇ ਪਹਿਲਾਂ ਵੀ ਕਈ ਐਨ.ਡੀ.ਪੀ.ਐਸ. ਦੇ ਪਰਚੇ ਦਰਜ ਹਨ, ਕੋਲੋਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ, ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ ਪਰ ਪਰਿਵਾਰਕ ਮੈਂਬਰਾਂ ਵਲੋਂ ਉਸ ਨੂੰ ਛਡਾਉਣ ਲਈ ਥਾਣੇ ਅੱਗੇ ਧਰਨਾ ਲਗਾਇਆ ਗਿਆ ਹੈ, ਜੋ ਸਰਾਸਰ ਗਲਤ ਹੈ | ਪੁਲਿਸ ਦੀ ਕਿਸੇ ਨਾਲ ਕੋਈ ਜਾਤੀ ਰੰਜਸ਼ ਨਹੀਂ ਹੈ ਪਰ ਜੇਕਰ ਕੋਈ ਗਲਤ ਕੰਮ ਕਰਦਾ ਹੈ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ | ਦੂਜੇ ਪਾਸੇ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆਪਣੀ ਦਰਖਾਸਤ ਉਨ੍ਹਾਂ ਨੂੰ ਦੇ ਦੇਣ, ਜਿਸ 'ਤੇ ਜਾਂਚ ਪੜਤਾਲ ਕਰਵਾ ਕੇ ਜੇਕਰ ਗੁਰਪਿਆਰ ਸਿੰਘ ਬੇਕਸੂਰ ਹੋਇਆ ਤਾਂ ਉਸ ਨੂੰ ਪਰਚੇ 'ਚੋਂ ਕੱਢ ਦਿੱਤਾ ਜਾਵੇਗਾ, ਜਿਸ 'ਤੇ ਦਾਦੀ-ਪੋਤਾ ਟਾਵਰ ਤੋਂ ਹੇਠਾਂ ਉੱਤਰ ਆਏ |
ਨਸ਼ੇ ਦੇ ਮਾਮਲੇ 'ਚ ਪਰਚਾ ਰੱਦ ਕਰਵਾਉਣ ਲਈ ਵਾਰਡ ਵਾਸੀਆਂ ਵਲੋਂ ਥਾਣੇ ਅੱਗੇ ਧਰਨਾ
ਅਜੀਤ ਡੈਸਕ
06-05-2026