ਮਾਨਸਾ, 24 ਮਈ (ਸਵਰਨ ਸਿੰਘ ਰਾਹੀ)- ਆਉਣ ਵਾਲੇ ਦਿਨਾਂ ਦੌਰਾਨ ਤਾਪਮਾਨ 'ਚ ਲਗਾਤਾਰ ਵਾਧੇ ਦੀ ਸੰਭਾਵਨਾ ਨੂੰ ਦੇਖਦੇ ਹੋਏ ਸਿਹਤ ਵਿਭਾਗ ਵਲੋਂ ਹੀਟ ਵੇਵ (ਲੂ) ਅਤੇ ਗਰਮੀ ਤੋਂ ਬਚਾਅ ਲਈ ਸਲਾਹ ਜਾਰੀ ਕੀਤੀ ਗਈ ਹੈ | ਸਥਾਨ ਸਿਵਲ ਹਸਪਤਾਲ ਦੇ ਮਾਸ ਮੀਡੀਆ ਅਧਿਕਾਰੀ ਹਰਬੰਸ ਲਾਲ ਮੱਤੀ ਨੇ ਦੱਸਿਆ ਕਿ ਜਦੋਂ ਵਾਤਾਵਰਨ ਦਾ ਤਾਪਮਾਨ 40 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੱਧ ਹੋ ਜਾਂਦਾ ਹੈ ਤਾਂ ਇਸ ਨੂੰ ਹੀਟ ਵੇਵ ਦੀ ਸਥਿਤੀ ਮੰਨਿਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਇਹ ਉੱਚ ਤਾਪਮਾਨ ਸਰੀਰ ਦੇ ਤਾਪਮਾਨ ਨਿਯੰਤਰਣ ਤੰਤਰ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਗਰਮੀ ਨਾਲ ਸੰਬੰਧਿਤ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ | ਉਨ੍ਹਾਂ ਕਿਹਾ ਕਿ ਲੂ ਲੱਗਣ ਦੀ ਸਥਿਤੀ 'ਚ ਮਰੀਜ਼ ਨੂੰ ਤੁਰੰਤ ਠੰਢੀ ਜਗ੍ਹਾ 'ਤੇ ਲਿਜਾਇਆ ਜਾਵੇ, ਕੱਪੜੇ ਢਿੱਲੇ ਕੀਤੇ ਜਾਣ, ਗਿੱਲੇ ਤੋਲੀਏ ਜਾਂ ਕੱਪੜੇ ਸਰੀਰ 'ਤੇ ਰੱਖਣੇ, ਪੱਖੇ ਨਾਲ ਹਵਾ ਦੇਣੀ, ਜੇਕਰ ਮਰੀਜ਼ ਹੋਸ਼ 'ਚ ਹੈ ਤਾਂ ਥੋੜਾ-ਥੋੜਾ ਠੰਢਾ ਪਾਣੀ ਪੀਣ ਲਈ ਦੇਣਾ, ਸਰੀਰ 'ਤੇ ਬਰਫ਼ ਜਾਂ ਆਈਸ ਪੈਕ ਰੱਖੇ ਜਾਣ ਅਤੇ ਬਿਨਾਂ ਦੇਰੀ ਕੀਤੇ ਮਰੀਜ਼ ਨੂੰ ਹਸਪਤਾਲ ਪਹੁੰਚਾਇਆ ਜਾਵੇ | ਉਨ੍ਹਾਂ ਸਲਾਹ ਦਿੱਤੀ ਕਿ ਗਰਮੀ ਦੇ ਮੌਸਮ ਵਿੱਚ ਪਾਣੀ ਉਚਿੱਤ ਮਾਤਰਾ 'ਚ ਪੀਓ | ਮਿੱਠੇ ਅਤੇ ਨਮਕ ਸਮੇਤ ਨਿੰਬੂ ਪਾਣੀ, ਲੱਸੀ, ਓ.ਆਰ.ਐਸ, ਨਾਰੀਅਲ ਪਾਣੀ ਅਤੇ ਹੋਰ ਤਰਲ ਪਦਾਰਥ ਸਰੀਰ ਵਿਚ ਪਾਣੀ ਦੀ ਸਹੀ ਮਾਤਰਾ ਬਣਾਈ ਰੱਖਣ 'ਚ ਮਦਦਗਾਰ ਹਨ |
ਹੀਟ ਵੇਵ ਨੂੰ ਲੈ ਕੇ ਸਿਹਤ ਵਿਭਾਗ ਵਲੋਂ ਸਾਵਧਾਨੀ ਵਰਤਣ ਦੀ ਸਲਾਹ <br/>
ਅਜੀਤ ਡੈਸਕ
25-05-2026