ਮਾਨਸਾ, 30 ਮਈ (ਬਲਵਿੰਦਰ ਸਿੰਘ ਧਾਲੀਵਾਲ)- ਸਿੱਖਿਆ ਵਿਭਾਗ ਪੰਜਾਬ ਦੇ ਨਿਰਦੇਸ਼ਾਂ 'ਤੇ ਜ਼ਿਲੇ ਦੇ ਸਰਕਾਰੀ ਸਕੂਲਾਂ 'ਚ 'ਮੈਗਾ ਅਧਿਆਪਕ-ਮਾਪੇ ਮਿਲਣੀ ਅਤੇ ਮਾਪੇ ਵਰਕਸ਼ਾਪ-ਸਿੱਖਿਆ ਦਾ ਮਹਾਂਜਸ਼ਨ' ਮਨਾਇਆ ਗਿਆ | ਜ਼ਿਲਾ ਸਿੱਖਿਆ ਅਫ਼ਸਰ (ਸੈ.) ਨੀਲਮ ਰਾਣੀ ਨੇ ਸਰਕਾਰੀ ਸੈਕੰਡਰੀ ਸਕੂਲ (ਮੁੰਡੇ) ਭੀਖੀ ਅਤੇ ਸਰਕਾਰੀ ਹਾਈ ਸਕੂਲ ਗੁਰਨੇ ਕਲਾਂ 'ਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਕਿਹਾ ਕਿ ਅਧਿਆਪਕਾਂ ਤੇ ਮਾਪਿਆਂ ਦੀ ਸਾਂਝ ਨਾਲ ਵਿਦਿਆਰਥੀਆਂ ਦੀ ਪ੍ਰਤਿਭਾ 'ਚ ਨਿਖਾਰ ਆਉਂਦਾ ਹੈ | ਉਨਾਂ ਕਿਹਾ ਕਿ ਇਹ ਮਿਲਣੀ ਸਿਰਫ਼ ਸਮਾਗਮ ਨਹੀਂ ਸਗੋਂ ਸਿੱਖਿਆ ਨੂੰ ਲੋਕ ਲਹਿਰ ਬਣਾਉਣ ਦਾ ਮਹੱਤਵਪੂਰਨ ਉਪਰਾਲਾ ਹੈ | ਉਪ ਜ਼ਿਲਾ ਸਿੱਖਿਆ ਅਫ਼ਸਰ ਡਾ. ਪਰਮਜੀਤ ਸਿੰਘ ਭੋਗਲ ਨੇ ਭਾਈ ਬਹਿਲੋ ਸਰਕਾਰੀ ਸੈਕੰਡਰੀ ਸਕੂਲ (ਮੁੰਡੇ) ਫਫੜੇ ਭਾਈਕੇ, ਸਰਕਾਰੀ ਹਾਈ ਸਕੂਲ ਬੋੜਾਵਾਲ, ਸਰਕਾਰੀ ਹਾਈ ਸਕੂਲ ਗੁਰਨੇ ਕਲਾਂ ਅਤੇ ਸਰਕਾਰੀ ਹਾਈ ਸਕੂਲ ਕਿਸ਼ਨਗੜ ਫਰਵਾਹੀ ਵਿਖੇ ਸੰਬੋਧਨ ਕਰਦਿਆਂ ਕਿਹਾ ਕਿ ਬੱਚਿਆਂ ਦੀ ਸਫਲਤਾ ਦੀ ਨੀਂਹ ਘਰ ਅਤੇ ਸਕੂਲ 'ਚ ਮਿਲਣ ਵਾਲੇ ਉਸਾਰੂ ਮਾਹੌਲ ਸਦਕਾ ਹੁੰਦੀ ਹੈ | ਇਸ ਮੌਕੇ ਪਿ੍ੰਸੀਪਲ ਕੁਲਦੀਪ ਸਿੰਘ ਚਹਿਲ, ਮੁੱਖ ਅਧਿਆਪਕ ਮਨਦੀਪ ਕੁਮਾਰ, ਕਰਮਜੀਤ ਕੌਰ, ਬਲਜੀਤ ਸਿੰਘ ਹਾਜ਼ਰ ਸਨ |