ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ, ਮਲੂਕਾ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ
ਅਜੀਤ ਡੈਸਕ
06-06-2026
ਭਗਤਾ ਭਾਈਕਾ, 5 ਜੂਨ (ਸੁਖਪਾਲ ਸਿੰਘ ਸੋਨੀ)-ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ, ਮਲੂਕਾ ਵਿਚ ਵਿਸ਼ਵ ਵਾਤਾਵਰਨ ਦਿਵਸ ਜਾਗਰੂਕਤਾ ਭਰੇ ਮਾਹੌਲ ਵਿਚ ਮਨਾਇਆ ਗਿਆ। ਇਸ ਸਾਲ ਦੇ ਵਿਸ਼ਵ ਵਾਤਾਵਰਨ ਦਿਵਸ ਦਾ ਵਿਸ਼ਾ ‘ਸਥਾਈ ਭਵਿੱਖ ਲਈ ਕੁਦਰਤ ਦੀ ਰੱਖਿਆ’ ਰਿਹਾ। ਸਕੂਲ ਦੇ ਪ੍ਰਿੰਸੀਪਲ ਗੁਰਿੰਦਰ ਕੌਰ ਦੀ ਯੋਗ ਅਗਵਾਈ ਹੇਠ ਕਰਵਾਈ ਗਤੀਵਿਧੀ ਦਾ ਉਦੇਸ਼ ਵਿਦਿਆਰਥੀਆਂ ਵਿਚ ਵਾਤਾਵਰਨ ਪ੍ਰਤੀ ਜ਼ਿੰਮੇਵਾਰੀ ਅਤੇ ਜਾਗਰੂਕਤਾ ਪੈਦਾ ਕਰਨਾ ਸੀ। ਇਸ ਮੌਕੇ ਸਾਇੰਸ ਕਲੱਬ ਦੇ ਅਧਿਆਪਕਾਵਾਂ ਸੁਖਪਾਲ ਕੌਰ, ਲਵਪ੍ਰੀਤ ਕੌਰ ਤੇ ਮਨਪ੍ਰੀਤ ਕੌਰ ਦੀ ਰਹਿਨੁਮਾਈ ਹੇਠ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਬਾਰ੍ਹਵੀਂ ਜਮਾਤ (ਸਾਇੰਸ ਸਟਰੀਮ) ਦੇ ਵਿਦਿਆਰਥੀਆਂ ਨੇ ਵਾਤਾਵਰਨ ਸੰਭਾਲ ਸੰਬੰਧੀ ਭਾਸ਼ਨ, ਪੋਸਟਰ ਬਣਾ ਕੇ ਸਭ ਨੂੰ ਕੁਦਰਤ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ।ਵਿਦਿਆਰਥੀਆਂ ਨੇ ਦੱਸਿਆ ਕਿ ਕੁਦਰਤ ਸਾਡੀ ਸਭ ਤੋਂ ਵੱਡੀ ਦੌਲਤ ਹੈ। ਸਾਫ਼ ਹਵਾ, ਸ਼ੁੱਧ ਪਾਣੀ, ਉਪਜਾਊ ਮਿੱਟੀ ਅਤੇ ਹਰੇ-ਭਰੇ ਜੰਗਲ ਧਰਤੀ ਉੱਤੇ ਜੀਵਨ ਲਈ ਬਹੁਤ ਜ਼ਰੂਰੀ ਹਨ। ਜੇਕਰ ਅਸੀਂ ਵਾਤਾਵਰਨ ਦੀ ਰੱਖਿਆ ਨਹੀਂ ਕਰਾਂਗੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਹਰ ਵਿਅਕਤੀ ਨੂੰ ਵਾਤਾਵਰਨ ਦੀ ਸੰਭਾਲ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਪ੍ਰਿੰਸੀਪਲ ਸ੍ਰੀਮਤੀ ਗੁਰਿੰਦਰ ਕੌਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਵਾਤਾਵਰਨ ਦੀ ਸੁਰੱਖਿਆ ਹਰ ਨਾਗਰਿਕ ਦਾ ਫ਼ਰਜ਼ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਆਪਣੇ ਰੋਜ਼ਾਨਾ ਜੀਵਨ ਵਿਚ ਵਾਤਾਵਰਨ-ਅਨੁਕੂਲ ਆਦਤਾਂ ਅਪਣਾਉਣ ਅਤੇ ਦੂਜਿਆਂ ਨੂੰ ਵੀ ਇਸ ਲਈ ਪ੍ਰੇਰਿਤ ਕਰਨ। ਉਨ੍ਹਾਂ ਨੇ ਕਿਹਾ ਕਿ ਛੋਟੇ-ਛੋਟੇ ਯਤਨ ਮਿਲ ਕੇ ਵੱਡਾ ਬਦਲਾਅ ਲਿਆ ਸਕਦੇ ਹਨ ਅਤੇ ਇਕ ਸਿਹਤਮੰਦ, ਹਰਿਆ-ਭਰਿਆ ਤੇ ਟਿਕਾਊ ਭਵਿੱਖ ਤਿਆਰ ਕਰ ਸਕਦੇ ਹਨ।