ਡੀ. ਐਸ. ਪੀ. ਵਲੋਂ ਵਪਾਰੀਆਂ ਤੇ ਕਾਰੋਬਾਰੀਆਂ ਨਾਲ ਮੀਟਿੰਗ ਸ਼ਹਿਰ ਵਾਸੀਆਂ ਨੇ ਆਵਾਜਾਈ ਤੇ ਨਾਜਾਇਜ਼ ਕਬਜ਼ਿਆਂ ਸੰਬੰਧੀ ਮਸਲੇ ਉਠਾਏ
ਅਜੀਤ ਡੈਸਕ
06-06-2026
ਭੁੱਚੋ ਮੰਡੀ, 5 ਜੂਨ (ਪਰਵਿੰਦਰ ਸਿੰਘ ਜੌੜਾ)-ਡੀ. ਐਸ. ਪੀ. ਭੁੱਚੋ ਪ੍ਰਿਤਪਾਲ ਸਿੰਘ ਵਲੋਂ ਸਥਾਨਕ ਵਪਾਰੀਆਂ ਤੇ ਕਾਰੋਬਾਰੀਆਂ ਨਾਲ ਸਦਭਾਵਨਾ ਭਰੇ ਮਾਹੌਲ ‘ਚ ਮੀਟਿੰਗ ਕੀਤੀ ਗਈ। ਉਨ੍ਹਾਂ ਸ਼ਹਿਰ ਵਾਸੀਆਂ ਤੋਂ ਸਮੱਸਿਆਵਾਂ ਬਾਰੇ ਜਾਣਕਾਰੀ ਲਈ ਅਤੇ ਉਨ੍ਹਾਂ ਦੇ ਹੱਲ ਦਾ ਭਰੋਸਾ ਦਿਵਾਇਆ। ਸ਼ਹਿਰ ਵਾਸੀਆਂ ਨੇ ਦੱਸਿਆ ਕਿ ਸ਼ਹਿਰ ਵਿਚ ਆਵਾਜਾਈ ਬਹੁਤ ਪ੍ਰਭਾਵਿਤ ਰਹਿੰਦੀ ਹੈ ਅਤੇ ਰੇਹੜੀਆਂ-ਫੜ੍ਹੀਆਂ ਵਾਲਿਆਂ ਨੇ ਬਾਜ਼ਾਰਾਂ ਵਿਚ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ, ਕਾਰਨ ਕਾਫੀ ਪ੍ਰੇਸ਼ਾਨੀ ਆਉਂਦੀ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚ ਪਹਿਲਾਂ ਟ੍ਰੈਫ਼ਿਕ ਪੁਲਿਸ ਦੀ ਚੌਂਕੀ ਹੁੰਦੀ ਸੀ ਅਤੇ ਟ੍ਰੈਫ਼ਿਕ ਪੁਲਿਸ ਦੇ 2 ਮੁਲਾਜ਼ਮ ਤਾਇਨਾਤ ਸਨ, ਜੋ ਕਾਫੀ ਸਮੇਂ ਤੋਂ ਇੱਥੇ ਹੁਣ ਨਹੀਂ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ‘ਚੋਂ ਆਏ ਸਬਜ਼ੀ ਆਦਿ ਵੇਚਣ ਵਾਲਿਆਂ ਨੇ ਨਗਰ ਕੌਂਸਲ ਦੀਆਂ ਥਾਵਾਂ ‘ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ ਅਤੇ ਸਪੀਕਰ ਲਾ ਕੇ ਉੱਚੀ ਆਵਾਜ਼ ਵਿਚ ਮੁਨਿਆਦੀ ਕੀਤੀ ਜਾਂਦੀ ਹੈ, ਨਾਲ ਕਾਰੋਬਾਰੀਆਂ ਤੇ ਦੁਕਾਨਦਾਰਾਂ ਨੂੰ ਮੁਸ਼ਕਿਲ ਪੇਸ਼ ਆਉਂਦੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਆਵਾਜਾਈ ਦਾ ਮੰਦਾ ਹਾਲ ਹੈ ਅਤੇ ਲੋਕ ਮਨਮਰਜ਼ੀ ਨਾਲ ਵਾਹਨ ਖੜ੍ਹੇ ਕਰਕੇ ਚਲੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਬੱਸਾਂ ‘ਤੇ ਲੱਗੇ ਪ੍ਰੈਸ਼ਰ ਹਾਰਨ ਲੁਹਾਏ ਜਾਣ ਤੇ ਟੋਲ ਟੈਕਸ ਬਚਾਉਣ ਲਈ ਲਹਿਰਾ ਬੇਗਾ ਰੋਡ ਰਾਹੀਂ ਆਉਂਦੇ ਭਾਰੀ ਵਾਹਨ ਰੁਕਵਾਏ ਜਾਣ। ਉਨ੍ਹਾਂ ਕਿਹਾ ਕਿ ਆਵਾਰਾਗਰਦੀ ਕਰਦੇ ਮੁਸ਼ਟੰਡਿਆਂ ਨੂੰ ਵੀ ਠੱਲ੍ਹ ਪਾਈ ਜਾਵੇ। ਡੀ. ਐਸ. ਪੀ. ਪ੍ਰਿਤਪਾਲ ਸਿੰਘ ਨੇ ਭਰੋਸਾ ਦਿਵਾਇਆ ਕਿ ਜਲਦੀ ਹੀ ਸ਼ਹਿਰ ‘ਚ ਟ੍ਰੈਫ਼ਿਕ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮਿਲ ਕੇ ਬਾਕੀ ਸਮੱਸਿਆਵਾਂ ਦਾ ਵੀ ਢੁੱਕਵਾਂ ਹੱਲ ਕੱਢਿਆ ਜਾਵੇਗਾ। ਇਸ ਮੌਕੇ ‘ਆਪ’ ਦੇ ਹਲਕਾ ਭੁੱਚੋ ਦੇ ਟਰੇਡ ਵਿੰਗ (ਐਕਸਾਈਜ ਐਂਡ ਟੈਕਸੇਸ਼ਨ) ਦੇ ਚੇਅਰਮੈਨ ਦਰਸ਼ਨ ਕੁਮਾਰ ਦਰਸ਼ੀ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੁਨੀਲ ਗਰਗ, ਮਾਤਾ ਚਿੰਤਪੁਰਨੀ ਟਰੱਸਟ ਦੇ ਜੋਗਿੰਦਰ ਕਾਕਾ, ਅਮਨ ਮਹੇਸ਼ਵਰੀ, ਰਾਜੀਵ ਕੁਮਾਰ ਲਵਲੀ, ਸੁਖਪਾਲ ਜੌੜਾ ਅਤੇ ਸਥਾਨਕ ਪੁਲਿਸ ਚੌਂਕੀ ਇੰਚਾਰਜ ਗੁਰਪ੍ਰੀਤ ਸਿੰਘ ਵੀ ਮੌਜੂਦ ਸਨ।