ਭੀਖੀ, 5 ਜੂਨ (ਬਲਕਾਰ ਸਿੰਘ ਸਹੋਤਾ)-ਪਿੰਡ ਫਫੜੇ ਭਾਈਕੇ ਦੇ ਗਰੀਬ ਪਰਿਵਾਰ ਦੇ ਨੌਜਵਾਨ ਨੂੰ ਘਰੋਂ ਪ੍ਰੇਮ ਵਿਆਹ ਕਰਵਾਉਣ ਦੇ ਨਾਂਅ ‘ਤੇ ਲਿਜਾ ਕੇ ਗ਼ਾਇਬ ਕਰਨ ਵਾਲੇ ਦੋਸ਼ੀ ਖ਼ਿਲਾਫ਼ ਕਾਰਵਾਈ ਨਾ ਕਰਨ ਤੇ ਪੀੜਤ ਪਰਿਵਾਰ ਦੀ ਦਰਖ਼ਾਸਤ ਨਾ ਫੜਨ ਖਿਲਾਫ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਵਲੋਂ ਸਥਾਨਕ ਪੁਲਿਸ ਥਾਣੇ ਅੱਗੇ ਰੋਸ ਧਰਨਾ ਲਗਾਇਆ ਗਿਆ। ਸੰਬੋਧਨ ਕਰਦਿਆਂ ਮੋਰਚਾ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾ�ਂ ਨੇ ਕਿਹਾ ਕਿ 4 ਮਹੀਨੇ ਤੋਂ ਨੌਜਵਾਨ ਪੁੱਤ ਦੀ ਭਾਲ ਲਈ ਥਾਣੇ ਦੇ ਚੱਕਰ ਲਗਾ ਰਹੇ ਪੀੜਤ ਪਰਿਵਾਰ ਦੀ ਮਜ਼ਦੂਰ ਧਰਨੇ ਦੇ ਬਾਅਦ ਅਰਜ਼ੀ ‘ਤੇ ਕਾਰਵਾਈ ਸ਼ੁਰੂ ਹੋਈ ਹੈ। ਥਾਣਾ ਮੁਖੀ ਵਲੋਂ ਜਲਦ ਨੌਜਵਾਨ ਨੂੰ ਗ਼ਾਇਬ ਕਰਨ ਵਾਲੇ ਦੋਸ਼ੀ ਖ਼ਿਲਾਫ਼ ਕਾਰਵਾਈ ਕਰ ਕੇ ਗੁੰਮ ਲੜਕੇ ਦੀ ਭਾਲ ਕਰਨ ਅਤੇ ਕਿਸੇ ਵੀ ਨਾਲ ਭੇਦ ਭਾਵ ਨਾ ਕਰਨ ਦੇ ਦਿੱਤੇ ਭਰੋਸੇ ਉਪਰੰਤ ਧਰਨਾ ਚੁੱਕਿਆ ਗਿਆ। ਸੰਘਰਸ਼ਕਾਰੀਆਂ ਨੇ ਕਿਹਾ ਕਿ ਜੇਕਰ ਇਕ ਹਫ਼ਤੇ ਦੇ ਅੰਦਰ ਥਾਣੇ ਦੇ ਅਧਿਕਾਰੀਆਂ ਨੇ ਇਨਸਾਫ਼ ਨਾ ਦਿੱਤਾ ਤਾਂ 12 ਜੂਨ ਨੂੰ ਐਸ. ਐਸ. ਪੀ. ਦਫ਼ਤਰ ਮਾਨਸਾ ਅੱਗੇ ਧਰਨਾ ਲਗਾਇਆ ਜਾਵੇਗਾ। ਇਸ ਮੌਕੇ ਇਕਬਾਲ ਸਿੰਘ ਫਫੜੇ, ਸਿਮਰਜੀਤ ਕੌਰ, ਜਰਨੈਲ ਸਿੰਘ ਮਾਨਸਾ, ਜੱਗਾ ਸਿੰਘ ਉੱਭਾ, ਗੁਲਾਬ ਸਿੰਘ ਖੀਵਾ, ਬੱਲਮ ਸਿੰਘ ਢੈਪਈ, ਗੁਰਜੰਟ ਸਿੰਘ ਫਫੜੇ, ਸੁਖਵੀਰ ਸਿੰਘ ਖਾਰਾ, ਮੇਲਾ ਸਿੰਘ ਫਫੜੇ ਆਦਿ ਹਾਜ਼ਰ ਸਨ।