ਮਾਨਸਾ, 26 ਜੂਨ (ਬਲਵਿੰਦਰ ਸਿੰਘ ਧਾਲੀਵਾਲ)- ਐਨ.ਐਚ.ਐਮ. ਜੁਆਇੰਟ ਫ਼ਰੰਟ ਦੇ ਸੱਦੇ ’ਤੇ ਕੌਮੀ ਸਿਹਤ ਮਿਸ਼ਨ ਦੇ ਕਰਮਚਾਰੀਆਂ ਨੇ ਲਟਕਦੀਆਂ ਮੰਗਾਂ ਦੀ ਪ੍ਰਾਪਤੀ ਲਈ ਹੜਤਾਲ 5ਵੇਂ ਦਿਨ ਸਿਵਲ ਸਰਜਨ ਦਫ਼ਤਰ ਮਾਨਸਾ ਅੱਗੇ ਰੋਸ ਧਰਨਾ ਦਿੱਤਾ। ਉਨ੍ਹਾਂ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ। ਸੰਬੋਧਨ ਕਰਦਿਆਂ ਡਾ. ਨਿਰਮਲ ਸਿੰਘ ਨੇ ਦੱਸਿਆ ਕਿ ਕਰਮਚਾਰੀਆਂ ਵਲੋਂ ਮੰਗਾਂ ਦੇ ਹੱਲ ਲਈ ਸਰਕਾਰ ਅਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਅਨੇਕਾਂ ਮੀਟਿੰਗਾਂ ਕਰ ਕੇ ਮੰਗ ਪੱਤਰ ਸੌਂਪੇ ਗਏ ਅਤੇ ਹਰ ਲੋਕਤੰਤਰੀ ਢੰਗ ਨਾਲ ਆਵਾਜ਼ ਬੁਲੰਦ ਕੀਤੀ ਗਈ ਪਰ ਹਰ ਵਾਰ ਭਰੋਸੇ ਤੇ ਲਾਰੇ ਹੀ ਮਿਲੇ। ਉਨ੍ਹਾਂ ਕਿਹਾ ਕਿ ‘ਬਰਾਬਰ ਕੰਮ, ਬਰਾਬਰ ਤਨਖ਼ਾਹ’ ਹਰ ਮੁਲਾਜ਼ਮ ਦਾ ਸੰਵਿਧਾਨਕ ਹੱਕ ਹੈ ਪਰ ਐਨ.ਐਚ.ਐਮ. ਮੁਲਾਜ਼ਮਾਂ ਨੂੰ ਅੱਜ ਵੀ ਨਿਗੂਣੀਆਂ ਤਨਖ਼ਾਹਾਂ, ਅਸੁਰੱਖਿਅਤ ਭਵਿੱਖ ਅਤੇ ਵਿਤਕਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਿਸ਼ਾ ਅਗਰਵਾਲ, ਲਵਲੀ ਗੋਇਲ ਅਤੇ ਨੀਲਮ ਰਾਣੀ ਨੇ ਕਿਹਾ ਕਿ 22 ਜੂਨ ਤੋਂ ਲਗਾਤਾਰ ਹੜਤਾਲ ਚੱਲ ਰਹੀ ਹੈ ਪਰ ਸਰਕਾਰ ਤੇ ਵਿਭਾਗ ਦੇ ਅਧਿਕਾਰੀਆਂ ਦੇ ਕੰਨਾਂ ’ਤੇ ਜੂੰ ਨਹੀਂ ਸਰਕ ਰਹੀ। ਉਨ੍ਹਾਂ ਕਿਹਾ ਕਿ ਹੜਤਾਲ ਕਾਰਨ ਪੰਜਾਬ ’ਚ ਆਯੁਸ਼ਮਾਨ ਅਰੋਗਿਆ ਕੇਂਦਰਾਂ, ਐਨ.ਸੀ.ਡੀ. ਸਕਰੀਨਿੰਗ, ਟੀ.ਬੀ. ਪ੍ਰੋਗਰਾਮ, ਓ.ਪੀ.ਡੀ., ਘਰ-ਘਰ ਸਰਵੇਖਣ ਸਮੇਤ ਹੋਰ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮੁਲਾਜ਼ਮਾਂ ਵਲੋਂ ਐਤਵਾਰ ਤੋਂ ਸ਼ੁਰੂ ਹੋਣ ਵਾਲੀ ਪਲਸ ਪੋਲੀਓ ਮੁਹਿੰਮ ਦਾ ਸੂਬਾ ਪੱਧਰ ’ਤੇ ਮੁਕੰਮਲ ਬਾਈਕਾਟ ਕੀਤਾ ਜਾਵੇਗਾ ਅਤੇ ਕੋਈ ਵੀ ਕਰਮਚਾਰੀ ਇਸ ਮੁਹਿੰਮ ਦੀ ਡਿਊਟੀ ਨਹੀਂ ਕਰੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਦਾ ਤੁਰੰਤ ਹੱਲ ਨਾ ਕੀਤਾ ਗਿਆ ਤਾਂ 2 ਜੁਲਾਈ ਨੂੰ ਮੁੱਖ ਮੰਤਰੀ ਪੰਜਾਬ ਦੀ ਸੰਗਰੂਰ ਰਿਹਾਇਸ਼ ਅੱਗੇ ਸੂਬਾ ਪੱਧਰੀ ਧਰਨਾ ਅਤੇ ਮਹਾਂ ਰੈਲੀ ਕੀਤੀ ਜਾਵੇਗੀ। ਹੜਤਾਲ ਦਾ ਪੰਜਾਬ ਸੁਬਾਰਡੀਨੇਟ ਐਂਡ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦੇ ਆਗੂ ਪ੍ਰਤਾਪ ਸਿੰਘ ਖੁਡਾਲ ਨੇ ਸਮਰਥਨ ਕਰਦਿਆਂ ਕਿਹਾ ਕਿ ਕਰਮਚਾਰੀਆਂ ਦਾ ਆਪਣੇ ਹੱਕਾਂ ਲਈ ਸੜਕਾਂ ’ਤੇ ਉੱਤਰਨਾ ਸਰਕਾਰ ਦੀ ਨਾਕਾਮੀ ਦਾ ਸਬੂਤ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਕੁਮਾਰ, ਅਵਤਾਰ ਸਿੰਘ, ਜਗਦੇਵ ਸਿੰਘ ਮਾਨ, ਡਾ. ਵਿਸ਼ਵਜੀਤ ਸਿੰਘ, ਲਲਿਤ ਕੁਮਾਰ, ਸੰਦੀਪ ਸਿੰਘ, ਵੈਦ ਕਰਨਜੀਤ ਸਿੰਘ, ਕਰਮਜੀਤ ਕੌਰ, ਅਮਨਦੀਪ ਕੌਰ ਦਲੇਲ ਸਿੰਘ ਵਾਲਾ, ਦੀਪ ਸ਼ਿਖਾ, ਰਾਜਵੀਰ ਕੌਰ, ਮਨਦੀਪ ਕੌਰ, ਰਾਜਵਿੰਦਰ ਕੌਰ ਦਾਤੇਵਾਸ, ਸ਼ਵਿੰਦਰ ਕੌਰ, ਅੰਜੂ ਧਰਮਪੁਰਾ, ਜਸਪ੍ਰੀਤ ਕੌਰ, ਗੁਰਵੀਰ ਕੌਰ, ਦਿਲਰਾਜ ਕੌਰ, ਦਵਿੰਦਰ ਸਿੰਘ, ਵਰਿੰਦਰ ਮਹਿਤਾ, ਬਲਜੀਤ ਸਿੰਘ, ਖ਼ੁਸ਼ਦੀਪ ਕੌਰ, ਰੁਪਿੰਦਰ ਕੌਰ, ਡਾ. ਰਤਿਕਾ, ਡਾ. ਕਮਲਦੀਪ ਸਿੰਘ, ਡਾ. ਵਰੁਣ ਮਿੱਤਲ, ਰਾਧੇ ਸ਼ਿਆਮ, ਪ੍ਰਭਜੋਤ ਕੌਰ ਖੋਖਰ, ਗੁਰਸੇਵਕ ਸਿੰਘ ਆਦਿ ਹਾਜ਼ਰ ਸਨ।