ਮਾਨਸਾ, 1 ਜੁਲਾਈ (ਸ.ਰਿ.)- ਪੰਜਾਬ ਪੈਨਸ਼ਨਰ ਡਾਕਟਰ ਐਸੋਸੀਏਸ਼ਨ ਵਲੋਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਰਾਸ਼ਟਰੀ ਡਾਕਟਰ ਦਿਵਸ ਨੂੰ ‘ਕਾਲਾ ਦਿਵਸ’ ਵਜੋਂ ਮਨਾਇਆ ਗਿਆ। ਇਸ ਦੌਰਾਨ ਐਸੋਸੀਏਸ਼ਨ ਨੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਵੀ ਕੀਤਾ। ਡਾ. ਤਿਰਲੋਕ ਸਿੰਘ ਨੇ ਕਿਹਾ ਕਿ ਡਾਕਟਰਾਂ ਵਲੋਂ ਵੱਖ-ਵੱਖ ਸਰਕਾਰੀ ਹਸਪਤਾਲਾਂ ਅਤੇ ਸਿਹਤ ਸੰਸਥਾਵਾਂ ’ਚ ਆਪਣੀਆਂ ਨਿਰਵਿਘਨ ਸੇਵਾਵਾਂ ਨਿਭਾਉਣ ਉਪਰੰਤ ਵੀ ਸਰਕਾਰ ਵਲੋਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਰੋਸ ਪ੍ਰਗਟਾਇਆ ਕਿ ਐਸੋਸੀਏਸ਼ਨ ਨੂੰ ਆਸ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ’ਚ ਆਉਣ ਉਪਰੰਤ ਮੰਗਾਂ ਦਾ ਹੱਲ ਕਰੇਗੀ ਪਰ ਵਾਰ-ਵਾਰ ਪੱਤਰ ਦੇਣ ’ਤੇ ਵੀ ਮੰਗਾਂ ਨੂੰ ਬੂਰ ਨਹੀਂ ਪਿਆ। ਉਨ੍ਹਾਂ ਮੰਗ ਕੀਤੀ ਕਿ ਬਕਾਇਆ ਮਹਿੰਗਾਈ ਭੱਤੇ ਅਤੇ ਬਕਾਏ ਦੀ ਤੁਰੰਤ ਬਹਾਲੀ ਕਰਨ ਸਮੇਤ ਸਾਰੀਆਂ ਮੰਗਾਂ ਮੰਨੀਆਂ ਜਾਣ। ਇਸ ਮੌਕੇ ਡਾ. ਰਾਮੇਸ਼ ਕਟੋਦੀਆ, ਡਾ. ਸੁਰੇਸ਼ ਸਿੰਗਲਾ, ਡਾ. ਅਸ਼ੋਕ ਕਾਂਸਲ, ਡਾ. ਸੱਤਪਾਲ ਜਿੰਦਲ, ਡਾ. ਹਰਪਾਲ ਸਰਾਂ, ਡਾ. ਸੱਤਪਾਲ ਬਾਂਸਲ ਆਦਿ ਹਾਜ਼ਰ ਸਨ।