ਬਠਿੰਡਾ, 1 ਜੁਲਾਈ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਸਰਕਾਰ ਵਲੋਂ ਕੱਚੇ ਕਾਮਿਆਂ ਨੂੰ ਪੱਕੇ ਕਰਨ ਲਈ ਅਮਲ ਵਿਚ ਲਿਆਂਦੇ ਜਾ ਰਹੇ ਨਵੇਂ ਬਿੱਲ ’ਚੋਂ ਇਨਲਿਸਟਮੈਂਟ ਵਰਕਰਾਂ ਨੂੰ ਬਾਹਰ ਰੱਖਣ ਦਾ ਵਿਰੋਧ ਕਰਦਿਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ (31) ਨੇ ਵਿਭਾਗ ਦੇ ਮੰਤਰੀ ਦੇ ਹਲਕੇ ਵਿਚ ਪੱਕਾ ਮੋਰਚਾ ਲਗਾਉਣ ਦਾ ਐਲਾਨ ਕੀਤਾ ਹੈ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਨੇ ਦੱਸਿਆ ਕਿ ਕੈਬਨਿਟ ਸਬ-ਕਮੇਟੀ ਨੇ ਪੈਨਲ ਮੀਟਿੰਗ ਦੌਰਾਨ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਇਨਲਿਸਟਮੈਂਟ ਕਾਮਿਆਂ ਨੂੰ ਨਵੇਂ ਲਿਆਂਦੇ ਜਾ ਰਹੇ ‘ਪੰਜਾਬ ਰਾਜ ਆਊਟਸੋਰਸ ਪ੍ਰਸੋਨਲ ਬਿੱਲ-2026 ਅਤੇ ਪੰਜਾਬ ਕੰਟਰੈਕਚੁਅਲ ਪ੍ਰਸੋਨਲ ਬਿੱਲ 2026’ ਵਿਚ ਸ਼ਾਮਲ ਕਰਕੇ ਰੁਜ਼ਗਾਰ ਪੱਕਾ ਕਰਨ ਦਾ ਭਰੋਸਾ ਦਿੱਤਾ ਸੀ ਪਰ ਉਨ੍ਹਾਂ ਨਾਲ ਧੋਖਾ ਕਰਦੇ ਹੋਏ ਵਿਭਾਗ ਵਲੋਂ ਆਊਟਸੋਰਸ ਕਾਮਿਆਂ ਦਾ ਡਾਟਾ ਐਚ. ਆਰ. ਐਮ. ਪੋਰਟਲ ’ਤੇ ਐਂਟਰੀ ਕਰਨ ਲਈ ਪੱਤਰ ਜਾਰੀ ਕੀਤਾ ਗਿਆ, ਜਿਸ ਵਿਚ ਵਿਭਾਗ ਵਲੋਂ ਪਹਿਲਾਂ ਆਊਟਸੋਰਸ ਅਧੀਨ ਰੱਖਣ ਦੇ ਬਾਅਦ ਧੱਕੇ ਨਾਲ ਇਨਲਿਸਟਮੈਂਟ ਪਾਲਸੀ ’ਚ ਬਦਲੇ 2800 ਵਰਕਰਾਂ ਨੂੰ ਬਾਹਰ ਰੱਖਿਆ ਗਿਆ ਹੈ। ਵਿਭਾਗ ਵਲੋਂ ਚਿੱਠੀਆਂ ਜਾਰੀ ਕੀਤੀਆਂ ਗਈਆਂ ਹਨ ਕਿ ਐਚ. ਆਰ. ਐਮ. ਪੋਰਟਲ ’ਤੇ ਜਿਨ੍ਹਾਂ ਵਰਕਰਾਂ ਦੀ ਐਂਟਰੀ ਹੋਵੇਗੀ, ਉਨ੍ਹਾਂ ਨੂੰ ਹੀ ਨਵੇਂ ਕਾਨੂੰਨ ਵਿਚ ਸ਼ਾਮਲ ਕੀਤਾ ਜਾਵੇਗਾ। ਅਜਿਹਾ ਕਰਕੇ ਇੰਨਲਿਸਟਮੈਂਟ ਵਰਕਰਾਂ ਨੂੰ ਨਵੇਂ ਐਕਟ ’ਚੋਂ ਬਾਹਰ ਕੱਢਿਆ ਗਿਆ ਹੈ। ਇਸੇ ਰੋਸ ਵਜੋਂ ਯੂਨੀਅਨ ਵਲੋਂ ਵਿਭਾਗ ਦੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਹਲਕੇ ਸਾਹਨੇਵਾਲ ਵਿਚ ਪੱਕਾ ਮੋਰਚਾ ਲਗਾਇਆ ਜਾਵੇਗਾ, ਜੋ ਇਨਲਿਸਟਮੈਂਟ ਵਰਕਰਾਂ ਨੂੰ ਪੱਕੇ ਕਰਨ ਦੇ ਨਵੇਂ ਕਾਨੂੰਨ ਵਿਚ ਸ਼ਾਮਲ ਕਰਨ ਤੱਕ ਜਾਰੀ ਰਹੇਗਾ।