ਝੁਨੀਰ, 23 ਜੁਲਾਈ (ਸੰਜੀਵ ਸਿੰਗਲਾ)- ਨੇੜਲੇ ਪਿੰਡ ਕੋਰਵਾਲਾ ਦੇ ਕਿਸਾਨਾਂ ਵਲੋਂ ਟੇਲਾਂ ’ਤੇ ਨਹਿਰੀ ਪਾਣੀ ਨਾ ਪਹੁੰਚਣ ਕਾਰਨ ਪੰਜਾਬ ਸਰਕਾਰ ਤੇ ਨਹਿਰੀ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਦੋਸ਼ ਲਗਾਇਆ ਕਿ ਇੱਕ ਪਾਸੇ ਪੰਜਾਬ ਸਰਕਾਰ ਦਾਅਵੇ ਕਰ ਰਹੀ ਹੈ ਕਿ ਟੇਲਾਂ ’ਤੇ ਨਹਿਰੀ ਪਾਣੀ ਦੀ ਕੋਈ ਘਾਟ ਨਹੀਂ ਪਰ ਦੂਜੇ ਪਾਸੇ ਕਿਸਾਨ ਨਹਿਰੀ ਪਾਣੀ ਨੂੰ ਤਰਸ ਰਹੇ ਹਨ। ਕਿਸਾਨਾਂ ਨੇ ਦੱਸਿਆ ਕਿ ਖੇਤਰ ’ਚ 3 ਦਹਾਕਿਆਂ ਤੋਂ ਹੀ ਨਹਿਰੀ ਪਾਣੀ ਦੀ ਘਾਟ ਹੈ ਅਤੇ ਧਰਤੀ ਹੇਠਲਾ ਪਾਣੀ ਖੇਤੀ ਯੋਗ ਨਾ ਹੋਣ ਕਾਰਨ ਖੇਤੀਬਾੜੀ ਸਿਰਫ਼ ਨਹਿਰੀ ਪਾਣੀ ’ਤੇ ਹੀ ਨਿਰਭਰ ਹੈ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਦੇ ਯਤਨਾਂ ਸਦਕਾ ਨਹਿਰੀ ਪਾਣੀ ਲਈ ਨਵੇਂ ਸਿਰੇ ਤੋਂ ਸੂਏ ਦਾ ਨਿਰਮਾਣ ਕਰਵਾਇਆ ਗਿਆ ਅਤੇ ਜ਼ਮੀਨਦੋਜ਼ ਪਾਈਪ ਲਾਈਨ ਪਾਈ ਗਈ, ਜਿਸ ਕਰ ਕੇ ਇੱਕ ਵਾਰ ਤਾਂ ਨਹਿਰੀ ਪਾਣੀ ਦੀ ਸਮੱਸਿਆ ਹੱਲ ਹੋ ਗਈ ਪਰ ਬੀਤੇ ਦਿਨੀਂ ਸਬੰਧਿਤ ਮਹਿਕਮੇ ਦੇ ਅਧਿਕਾਰੀਆਂ ਵਲੋਂ ਪਿਛਲੇ ਪਿੰਡਾਂ ਦੇ ਮੋਘੇ ਨਵੇਂ ਸਿਰੇ ਤੋਂ ਨੀਵੇਂ ਕਰ ਕੇ ਲਗਾ ਦਿੱਤੇ ਗਏ, ਜਿਸ ਕਾਰਨ ਪਿੰਡ ਦੀ 1500 ਏਕੜ ਜ਼ਮੀਨ ਦੀ ਸਿੰਚਾਈ ਕਰਨ ਲਈ ਆ ਰਿਹਾ ਨਹਿਰੀ ਪਾਣੀ ਬਿਲਕੁਲ ਬੰਦ ਹੋ ਗਿਆ। ਇਸ ਦੇ ਰੋਸ ਵਜੋਂ ਪਿੰਡ ਵਾਸੀਆਂ ਨੇ ਨਹਿਰੀ ਪਾਣੀ ਸਪਲਾਈ ਕਰਨ ਵਾਲੇ ਸੂਏ ਵਿਚਕਾਰ ਬੰਨ੍ਹ ਲਗਾ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਉਨ੍ਹਾਂ ਮੰਗ ਕੀਤੀ ਕਿ ਨੀਵੇਂ ਕੀਤੇ ਗਏ ਮੋਘੇ ਠੀਕ ਕਰ ਕੇ ਨਹਿਰੀ ਪਾਣੀ ਦੀ ਨਿਰਵਿਘਨ ਸਪਲਾਈ ਸ਼ੁਰੂ ਕੀਤੀ ਜਾਵੇ।
ਪਿੰਡ ਕੋਰਵਾਲਾ ’ਚ ਟੇਲਾਂ ’ਤੇ ਨਹਿਰੀ ਪਾਣੀ ਨਾ ਪਹੁੰਚਣ ਕਾਰਨ ਕਿਸਾਨਾਂ ਵਲੋਂ ਨਾਅਰੇਬਾਜ਼ੀ
ਅਜੀਤ ਡੈਸਕ
24-07-2026