ਮਾਨਸਾ, 23 ਜੁਲਾਈ (ਵਿ.ਪ੍ਰਤੀ)- ‘ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰਿਤਵ ਅਭਿਆਨ’ ਤਹਿਤ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਦੀ ਅਗਵਾਈ ਹੇਠ ਜ਼ਿਲ੍ਹਾ ਸਿਹਤ ਵਿਭਾਗ ਵਲੋਂ ਸਥਾਨਕ ਜੱਚਾ-ਬੱਚਾ ਹਸਪਤਾਲ ਸਮੇਤ ਵੱਖ-ਵੱਖ ਥਾਵਾਂ ’ਤੇ ਗਰਭਵਤੀ ਔਰਤਾਂ ਦੀ ਜਾਂਚ ਲਈ ਕੈਂਪ ਲਗਾਏ ਗਏ। ਡਾ. ਰਾਏ ਨੇ ਕਿਹਾ ਕਿ ਜੇਕਰ ਗਰਭਵਤੀ ਔਰਤਾਂ ਖ਼ਾਸ ਕਰ ਕੇ ਹਾਈ ਰਿਸਕ ਔਰਤਾਂ ਦੀ ਸਮੇਂ-ਸਮੇਂ ’ਤੇ ਉਚਿੱਤ ਸਿਹਤ ਜਾਂਚ ਕੀਤੀ ਜਾਵੇ ਤਾਂ ਮਾਂ ਅਤੇ ਬੱਚੇ ਦੀਆਂ ਸਿਹਤ ਨਾਲ ਸਬੰਧਿਤ ਸਮੱਸਿਆਵਾਂ ਨੂੰ ਘਟਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਹਰ ਮਹੀਨੇ ਦੀ 9 ਤੇ 23 ਤਰੀਕ ਨੂੰ ਹਾਈ ਰਿਸਕ ਗਰਭਵਤੀ ਔਰਤਾਂ ਦੇ ਸੁਰੱਖਿਅਤ ਜਣੇਪੇ ਲਈ ਮਾਹਿਰ ਡਾਕਟਰਾਂ ਵਲੋਂ ਮੁਫ਼ਤ ਜਾਂਚ ਕੀਤੀ ਜਾਂਦੀ ਹੈ। ਔਰਤ ਰੋਗਾਂ ਦੇ ਮਾਹਿਰ ਡਾ. ਨਵਜੋਤ ਕੌਰ ਸਰਾਂ ਨੇ ਕਿਹਾ ਕਿ ਗਰਭਵਤੀ ਔਰਤਾਂ ਨੂੰ ਆਮ ਨਾਲੋਂ ਵਧੇਰੇ ਪੌਸ਼ਟਿਕ ਖ਼ੁਰਾਕ ਦੀ ਲੋੜ ਹੁੰਦੀ ਹੈ। ਇਸ ਮੌਕੇ ਮਲਕੀਤ ਕੌਰ, ਰਜਨੀ ਜੋਸ਼ੀ, ਸੁਖਪਾਲ ਕੌਰ, ਗੁਰਦੀਪ ਕੌਰ, ਪੂਜਾ ਰਾਣੀ ਆਦਿ ਹਾਜ਼ਰ ਸਨ।
ਗਰਭਵਤੀ ਔਰਤਾਂ ਦੀ ਜਾਂਚ ਲਈ ਕੈਂਪ ਲਗਾਇਆ
ਅਜੀਤ ਡੈਸਕ
24-07-2026