ਬਿਜਲੀ ਕਰਮਚਾਰੀਆਂ ਦਾ ਧਰਨਾ ਚੌਥੇ ਦਿਨ ’ਚ ਦਾਖਲ, ਸਮੂਹਿਕ ਛੁੱਟੀ ’ਚ ਹੋਇਆ 2 ਦਿਨਾਂ ਦਾ ਵਾਧਾ
ਅਜੀਤ ਡੈਸਕ
25-07-2026
ਖ਼ਾਲੀ ਪਈਆਂ ਅਸਾਮੀਆਂ ਭਰਨ ਦੀ ਮੰਗ
ਬਰੇਟਾ ਤੋਂ ਜੀਵਨ ਸ਼ਰਮਾ ਅਨੁਸਾਰ- ਸਥਾਨਕ ਬਿਜਲੀ ਗਰਿੱਡ ਵਿਖੇ ਵੀ ਬਿਜਲੀ ਕਾਮਿਆਂ ਦੀ ਹੜਤਾਲ ਜਾਰੀ ਰਹੀ। ਸਰਕਾਰ ਅਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੁਲਾਜ਼ਮਾਂ ਨੇ ਕਿਹਾ ਕਿ ਜਮਹੂਰੀ ਤਰੀਕੇ ਨਾਲ ਮੰਗਾਂ ਨੂੰ ਮਨਵਾਉਣ ਲਈ ਹਰ ਕੋਸ਼ਿਸ਼ ਕੀਤੀ ਗਈ ਪਰ ਸਰਕਾਰ ਅਤੇ ਮੈਨੇਜਮੈਂਟ ਵਲੋਂ ਸਿਰਫ਼ ਲਾਰੇ ਹੀ ਮਿਲੇ। ਉਨ੍ਹਾਂ ਕਿਹਾ ਕਿ ਵਿਭਾਗ ’ਚ 40 ਹਜ਼ਾਰ ਮੁਲਾਜ਼ਮਾਂ ਦੀਆਂ ਅਸਾਮੀਆਂ ਖ਼ਾਲੀ ਪਈਆਂ ਹਨ, ਨੂੰ ਤੁਰੰਤ ਭਰਨ ਦੀ ਲੋੜ ਹੈ। ਇਸ ਮੌਕੇ ਰਣਜੀਤ ਕੁਮਾਰ, ਰਾਮ ਸਿੰਘ, ਗੁਰਦੀਪ ਸਿੰਘ, ਗੁਰਚਰਨ ਸਿੰਘ, ਸੰਦੀਪ ਕੁਮਾਰ, ਜਗਸੀਰ ਸਿੰਘ, ਜਗਜੀਤ ਸਿੰਘ, ਪਵਨ ਕੁਮਾਰ, ਦਸੌਂਦਾ ਸਿੰਘ, ਸੁਖਲਾਲ ਸਿੰਘ ਆਦਿ ਹਾਜ਼ਰ ਸਨ।
ਪਾਵਰਕਾਮ ਦਫ਼ਤਰ ਜੋਗਾ ਅੱਗੇ ਰੋਸ ਪ੍ਰਦਰਸ਼ਨ
ਜੋਗਾ ਤੋਂ ਮਨਜੀਤ ਸਿੰਘ ਘੜੈਲੀ ਅਨੁਸਾਰ- ਸਥਾਨਕ ਪਾਵਰਕਾਮ ਦਫ਼ਤਰ ਅੱਗੇ ਧਰਨੇ ਦੇ ਚੌਥੇ ਦਿਨ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਬਿਜਲੀ ਕਰਮਚਾਰੀਆਂ ਨੇ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਮੰਗਾਂ ਨੂੰ ਅੱਖੋਂ ਪਰੋਖੇ ਕਰ ਕੇ ਲਗਾਤਾਰ ਲਟਕਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਤੁਰੰਤ ਕਰਮਚਾਰੀਆਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ। ਇਸ ਮੌਕੇ ਬਲਵੀਰ ਸਿੰਘ ਜੋਗਾ, ਬਲਦੇਵ ਸਿੰਘ ਮੰਢਾਲੀ, ਕ੍ਰਿਸ਼ਨ ਮਾਨਬੀਬੜੀਆਂ, ਸੁਦਾਗਰ ਸਿੰਘ, ਪ੍ਰਗਟ ਸਿੰਘ ਗਾਗੋਵਾਲ, ਗਿਆਨ ਸਿੰਘ, ਹਰਦੀਪ ਸਿੰਘ ਜੋਗਾ, ਸੰਦੀਪ ਸਿੰਘ ਮੱਤੀ, ਸੁਖਵਿੰਦਰ ਸਿੰਘ ਕੋਟੜਾ, ਸਵਰਨ ਸਿੰਘ, ਜਗਦੇਵ ਸਿੰਘ ਜੋਗਾ, ਮੱਖਣ ਲਾਲ, ਅੰਗਰੇਜ਼ ਸਿੰਘ ਮੌਜੋ, ਅਮਰੀਕ ਸਿੰਘ, ਸੁਖਪਾਲ ਸਿੰਘ ਖੀਵਾ ਆਦਿ ਹਾਜ਼ਰ ਸਨ।