ਬੁਢਲਾਡਾ/ਬਰੇਟਾ, 29 ਜੁਲਾਈ (ਨਿ.ਪ.ਪ./ਪ.ਪ.)- ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਤਹਿਤ ਪਿੰਡ ਰਾਮਪੁਰ ਮੰਡੇਰ, ਧਰਮਪੁਰਾ, ਜਲਵੇੜਾ ਅਤੇ ਕਲੀਪੁਰ ਵਿਖੇ ਵਿਸ਼ੇਸ਼ ਵੈਨ ਸ਼ੋਅ ਕਰਵਾਏ ਗਏ। ਸ਼ਰਧਾਲੂਆਂ ਨੂੰ ਇਸ ਵਿਸ਼ੇਸ਼ ਵੈਨ ਰਾਹੀ ਗੁਰੂ ਜੀ ਦੇ ਜੀਵਨ, ਫ਼ਲਸਫ਼ੇ ਅਤੇ ਮਹਾਨ ਸਿੱਖਿਆਵਾਂ ’ਤੇ ਆਧਾਰਿਤ ਪ੍ਰਭਾਵਸ਼ਾਲੀ ਡਾਕੂਮੈਂਟਰੀ ਦਿਖਾਈ ਗਈ। ਪ੍ਰੋਗਰਾਮਾਂ ਦੌਰਾਨ ਵੱਡੀ ਗਿਣਤੀ ’ਚ ਪਿੰਡ ਵਾਸੀਆਂ ਅਤੇ ਸੰਗਤਾਂ ਨੇ ਮਨੁੱਖਤਾ ਦੀ ਭਲਾਈ, ਸਮਾਜਿਕ ਨਿਆਂ ਦੇ ਸੰਦੇਸ਼ ਨੂੰ ਜੀਵਨ ’ਚ ਧਾਰਨ ਕਰਨ ਦਾ ਦ੍ਰਿੜ੍ਹ ਸੰਕਲਪ ਲਿਆ। ਪਿੰਡਾਂ ਦੀਆਂ ਪੰਚਾਇਤਾਂ ਅਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਉਪਰਾਲੇ ਨਾਲ ਬੱਚਿਆਂ ਅਤੇ ਨੌਜਵਾਨ ਪੀੜ੍ਹੀ ਨੂੰ ਗੁਰੂ ਸਾਹਿਬ ਦੇ ਜੀਵਨ ਤੋਂ ਪੇ੍ਰਰਨਾ ਲੈ ਕੇ ਸਮਾਜ ’ਚ ਸਦਭਾਵਨਾ ਅਤੇ ਭਾਈਚਾਰਕ ਸਾਂਝ ਨੂੰ ਪਰਪੱਕ ਕਰਨ ਦਾ ਸੁਨੇਹਾ ਮਿਲ ਰਿਹਾ ਹੈ।