ਸਫ਼ਾਈ ਸੇਵਕ ਯੂਨੀਅਨ ਦੇ ਪੰਜਾਬ ਬੰਦ ਨੂੰ ਮਾਨਸਾ ਜ਼ਿਲ੍ਹੇ ’ਚ ਮਿਲਿਆ ਵਧੀਆ ਹੁੰਗਾਰਾ ਸਰਕਾਰ ਖ਼ਿਲਾਫ਼ ਕੀਤੀਆਂ ਰੋਸ ਰੈਲੀਆਂ
ਅਜੀਤ ਡੈਸਕ
31-07-2026
ਪੰਜਾਬ ਬੰਦ ਦੇ ਸੱਦੇ ਤਹਿਤ ਬੁਢਲਾਡਾ ਰਿਹਾ ਮੁਕੰਮਲ ਬੰਦ
ਬੁਢਲਾਡਾ ਤੋਂ ਸੁਨੀਲ ਮਨਚੰਦਾ ਅਨੁਸਾਰ- ਸਥਾਨਕ ਸ਼ਹਿਰ ਦੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ। ਸਫ਼ਾਈ ਸੇਵਕਾਂ ਅਤੇ ਹੋਰਨਾਂ ਭਰਾਤਰੀ ਜਥੇਬੰਦੀਆਂ ਵਲੋਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਯੂਨੀਅਨ ਆਗੂ ਰਾਜ ਕੁਮਾਰ ਨੇ ਕਿਹਾ ਕਿ ਪਿਛਲੇ ਦਿਨੀਂ ਬਰਨਾਲਾ ਵਿਖੇ ਆਪਣੇ ਹੱਕ ਮੰਗਦੇ ਸਫ਼ਾਈ ਸੇਵਕਾਂ ’ਤੇ ਅਣਮਨੁੱਖੀ ਤਸ਼ੱਦਦ ਕੀਤਾ ਗਿਆ ਜੋ ਅਤਿ ਨਿੰਦਣਯੋਗ ਕਾਰਵਾਈ ਹੈ। ਉਨ੍ਹਾਂ ਮੰਗ ਕੀਤੀ ਕਿ ਲਾਠੀਚਾਰਜ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੇ ਨਾਲ ਹੀ ਸਫ਼ਾਈ ਸੇਵਕਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ। ਇਸ ਮੌਕੇ ਕਾਂਗਰਸ ਦੇ ਸਤਪਾਲ ਸਿੰਘ ਮੂਲੇਵਾਲਾ, ਅਕਾਲੀ ਆਗੂ ਸੁਖਵਿੰਦਰ ਕੌਰ ਸੁੱਖੀ, ਭਾਜਪਾ ਆਗੂ ਰਾਕੇਸ਼ ਕੁਮਾਰ ਜੈਨ, ਭੋਲਾ ਸਿੰਘ ਹਸਨਪੁਰ ਤੇ ਬਲਵਿੰਦਰ ਸਿੰਘ ਪਟਵਾਰੀ, ਸੀ.ਪੀ.ਆਈ. ਦੇ ਕਾ. ਜਗਸੀਰ ਸਿੰਘ ਰਾਏਕੇ, ਰੇਹੜੀ ਛਾਬਾ ਯੂਨੀਅਨ ਦੇ ਪ੍ਰਧਾਨ ਚਿਮਨ ਲਾਲ ਕਾਕਾ, ਮੇਸ਼ੀ ਕੁਮਾਰ, ਦਰਸ਼ਨ ਸਿੰਘ, ਅਜੇ ਕੁਮਾਰ, ਸੋਹਨ ਲਾਲ, ਧੀਰਜ ਕੁਮਾਰ, ਗੰਗੋ ਦੇਵੀ, ਸੀਤੋ ਦੇਵੀ, ਰਾਮ ਦੇਵਾ ਆਦਿ ਹਾਜ਼ਰ ਸਨ।
ਸਰਦੂਲਗੜ੍ਹ ’ਚ ਸਫ਼ਾਈ ਸੇਵਕਾਂ ਸਮੇਤ ਵੱਖ-ਵੱਖ ਜਥੇਬੰਦੀਆਂ ਵਲੋਂ ਰੋਸ ਰੈਲੀ
ਸਰਦੂਲਗੜ੍ਹ ਤੋਂ ਜੀ.ਐਮ. ਅਰੋੜਾ ਅਨੁਸਾਰ- ਸਥਾਨਕ ਨਗਰ ਪੰਚਾਇਤ ’ਚ ਕੰਮ ਕਰਦੇ ਸਫ਼ਾਈ ਸੇਵਕਾਂ ਤੇ ਹੋਰ ਠੇਕਾ ਆਧਾਰਿਤ ਕਰਮਚਾਰੀਆਂ ਵਲੋਂ ਆਪਣੀਆਂ ਹੱਕੀ ਮੰਗਾਂ ਅਤੇ ਬੀਤੇ ਦਿਨੀਂ ਬਰਨਾਲਾ ਵਿਖੇ ਸਫ਼ਾਈ ਸੇਵਕਾਂ ’ਤੇ ਪੁਲਿਸ ਵਲੋਂ ਕੀਤੇ ਗਏ ਲਾਠੀਚਾਰਜ ਦੇ ਵਿਰੋਧ ’ਚ ਸ਼ਹਿਰ ’ਚ ਰੋਸ ਰੈਲੀ ਕੱਢ ਕੇ ਪੰਜਾਬ ਸਰਕਾਰ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਸਫ਼ਾਈ ਕਾਮਿਆਂ ਦੀ ਜਾਇਜ ਮੰਗਾਂ ਤੁਰੰਤ ਮੰਨੀਆਂ ਜਾਣ ਅਤੇ ਬਰਨਾਲਾ ਵਿਖੇ ਸਫ਼ਾਈ ਸੇਵਕਾਂ ’ਤੇ ਲਾਠੀਚਾਰਜ ਕਰਨ ਵਾਲੇ ਡੀ.ਐਸ.ਪੀ. ਤੇ ਹੋਰ ਪੁਲਿਸ ਮੁਲਾਜ਼ਮਾਂ ਨੂੰ ਤੁਰੰਤ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਵੇ। ਇਸ ਮੌਕੇ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਦੀਆ ਰਾਮ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਲਾਲ ਚੰਦ, ਦਿਹਾਤੀ ਮਜ਼ਦੂਰ ਸਭਾ ਦੇ ਆਤਮਾ ਰਾਮ ਕਾਮਰੇਡ, ਬਸਪਾ ਦੇ ਸੂਬਾ ਸਕੱਤਰ ਕੁਲਦੀਪ ਸਿੰਘ, ਭਾਕਿਯੂ (ਉਗਰਾਹਾਂ) ਦੇ ਬਲਵਿੰਦਰ ਸਿੰਘ, ਕੁਲਦੀਪ ਸਿੰਘ, ਭਾਜਪਾ ਆਗੂ ਨਵਲ ਜੈਨ, ਵਿਜੇ ਸ਼ਰਮਾ, ਸਾਗਰ ਕੁਮਾਰ, ਗੁਲਾਬ ਸਿੰਘ, ਰਵੀ ਕੁਮਾਰ, ਹਰੀ ਕ੍ਰਿਸ਼ਨ, ਸੱਤਪਾਲ ਖੰਨਾ, ਸੰਜੀਵ ਕੁਮਾਰ ਆਦਿ ਹਾਜ਼ਰ ਸਨ।
ਬਰੇਟਾ ਦੇ ਬਾਜ਼ਾਰ ਪੂਰੀ ਤਰ੍ਹਾਂ ਰਹੇ ਬੰਦ
ਬਰੇਟਾ ਤੋਂ ਪਾਲ ਸਿੰਘ ਮੰਡੇਰ/ਜੀਵਨ ਸ਼ਰਮਾ ਅਨੁਸਾਰ- ਸਥਾਨਕ ਸ਼ਹਿਰ ਵੀ ਮੁਕੰਮਲ ਬੰਦ ਰਿਹਾ। ਦੁਕਾਨਦਾਰਾਂ ਵਲੋਂ ਬੰਦ ਨੂੰ ਸਮਰਥਨ ਦਿੰਦਿਆਂ ਆਪਣੇ ਕਾਰੋਬਾਰ ਪੂਰੀ ਤਰ੍ਹਾਂ ਬੰਦ ਰੱਖੇ ਗਏ। ਸ਼ਹਿਰ ਵਾਸੀਆਂ ਨੇ ਕਿਹਾ ਕਿ ਸਰਕਾਰ ਨੂੰ ਸਫ਼ਾਈ ਸੇਵਕਾਂ ਦੀਆਂ ਮੰਗਾਂ ਵੱਲ ਧਿਆਨ ਦੇ ਕੇ ਬਕਾਇਆ ਤਨਖ਼ਾਹਾਂ ਤੁਰੰਤ ਜਾਰੀ ਕਰਨੀਆਂ ਚਾਹੀਦੀਆਂ ਹਨ। ਸਫ਼ਾਈ ਸੇਵਕਾਂ ਵਲੋਂ ਨਗਰ ਕੌਂਸਲ ਦਫ਼ਤਰ ਅੱਗੇ ਧਰਨਾ ਲਗਾ ਕੇ ਪੰਜਾਬ ਸਰਕਾਰ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ ਗਈ ਅਤੇ ਸ਼ਹਿਰ ’ਚ ਰੋਸ ਮਾਰਚ ਵੀ ਕੀਤਾ ਗਿਆ। ਇਸ ਮੌਕੇ ਮੋਹਿੰਦਰ ਸਿੰਘ, ਦੀਪ ਕੁਮਾਰ, ਰਾਜ ਕੁਮਾਰ, ਫਰਮੌਜ ਕੁਮਾਰ, ਅਸ਼ੋਕ ਕੁਮਾਰ, ਰਾਣੀ ਦੇਵੀ, ਅਜੇ ਕੁਮਾਰ, ਰਾਜ ਕੁਮਾਰ ਰਾਜਾ, ਸੋਨੂ ਕੁਮਾਰ, ਦਲੇਰ ਸਿੰਘ, ਸਤੀਸ਼ ਕੁਮਾਰ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।
ਭੀਖੀ ’ਚ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਨਿਰੰਤਰ ਜਾਰੀ
ਭੀਖੀ ਤੋਂ ਬਲਕਾਰ ਸਿੰਘ ਸਹੋਤਾ ਅਨੁਸਾਰ- ਸਫ਼ਾਈ ਕਰਮਚਾਰੀਆਂ ਦੀ ਹੜਤਾਲ 23ਵੇਂ ਦਿਨ ’ਚ ਦਾਖਲ ਹੋ ਗਈ ਹੈ। ਬਰਨਾਲਾ ਲਾਠੀਚਾਰਜ ਤੋਂ ਬਾਅਦ ਸਥਾਨਕ ਨਗਰ ਪੰਚਾਇਤ ਦਫ਼ਤਰ ਵਿਖੇ ਸਫ਼ਾਈ ਸੇਵਕਾਂ ਵਲੋਂ ਦਿੱਤੇ ਧਰਨੇ ’ਚ ਵਾਟਰ ਸਪਲਾਈ ਅਤੇ ਸੀਵਰੇਜ ਦੇ ਕਾਮਿਆਂ ਤੋਂ ਇਲਾਵਾ ਆਊਟਸੋਰਸਿੰਗ ਮੁਲਾਜ਼ਮ ਵੀ ਸ਼ਾਮਲ ਹੋਏ। ਸਫ਼ਾਈ ਕਾਮਿਆਂ ਨੇ ਕਿਹਾ ਕਿ ਬੇਸ਼ੱਕ ਸਰਕਾਰ ਨੇ ਉਨ੍ਹਾਂ ਦੀ ਉਜਰਤ ’ਚ ਵਾਧੇ ਦਾ ਐਲਾਨ ਕੀਤਾ ਹੈ ਪ੍ਰੰਤੂ ਜਦੋਂ ਤੱਕ ਇਹ ਸਥਾਨਕ ਸਰਕਾਰਾਂ ਇਕਾਈ ’ਚ ਪੂਰੀ ਤਰਾਂ ਲਾਗੂ ਨਹੀਂ ਹੁੰਦਾ ਉਦੋਂ ਤੱਕ ਹੜਤਾਲ ਜਾਰੀ ਰੱਖੀ ਜਾਵੇਗੀ। ਇਸ ਮੌਕੇ ਸਫ਼ਾਈ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਆਗੂ ਹਰਬੰਸ ਸਿੰਘ, ਇਕਾਈ ਪ੍ਰਧਾਨ ਵਿਨੋਦ ਕੁਮਾਰ, ਸੁਨੀਲ ਕੁਮਾਰ, ਸ਼੍ਰੀਚੰਦ, ਬਣੀਆ ਰਾਮ, ਰਾਜੇਸ਼ ਕੁਮਾਰ, ਸੰਨੀ ਕੁਮਾਰ, ਮਿਥੁਨ ਕੁਮਾਰ, ਰਵੀ ਸ਼ੰਕਰ, ਪੂਰਨ ਰਾਮ, ਸੋਨੂੰ ਜਿੰਦਲ, ਅਰਨਵ ਰਿਸ਼ੀ, ਮਨਪ੍ਰੀਤ ਸ਼ਰਮਾ, ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।
ਬੋਹਾ ਵਿਖੇ ਭਰਾਤਰੀ ਜਥੇਬੰਦੀਆਂ ਵਲੋਂ ਭਾਰੀ ਸਮਰਥਨ
ਬੋਹਾ ਤੋਂ ਰਮੇਸ਼ ਤਾਂਗੜੀ ਅਨੁਸਾਰ- ਸਫ਼ਾਈ ਸੇਵਕਾਂ ਦੇ ਪੰਜਾਬ ਬੰਦ ਦੇ ਸੱਦੇ ਤਹਿਤ ਇੱਥੇ ਲੋਕਾਂ ਨੇ ਆਪਣੇ ਕਾਰੋਬਾਰ ਅਤੇ ਦੁਕਾਨਾਂ ਬੰਦ ਰੱਖੀਆਂ। ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਗੁਰਸੇਵਕ ਸਿੰਘ ਬੋਹਾ ਨੇ ਮੰਗ ਕੀਤੀ ਕਿ ਸਫ਼ਾਈ ਕਾਮਿਆਂ ਨੂੰ ਤੁਰੰਤ ਪੱਕਾ ਕਰਨ ਦੇ ਨਾਲ ਹੀ ਸਾਰੀਆਂ ਮੰਗਾਂ ਮੰਨੀਆਂ ਜਾਣ। ਇਸ ਮੌਕੇ ਭਾਜਪਾ ਦੇ ਹਲਕਾ ਇੰਚਾਰਜ ਸੂਬੇਦਾਰ ਭੋਲਾ ਸਿੰਘ, ਪ੍ਰਧਾਨ ਮੰਗੂ ਸਿੰਘ, ਨਵਨੀਤ ਕੁਮਾਰ, ਸੀ.ਪੀ.ਆਈ. (ਐਮ.ਐਲ) ਦੇ ਨਿਖਿਲ ਗੋਇਲ, ਲਿਬਰੇਸ਼ਨ ਆਗੂ ਗੁਰਜੀਤ ਸਿੰਘ, ਸੀਵਰੇਜ ਬੋਰਡ ਦੇ ਹਰਪਾਲ ਸਿੰਘ, ਗੁਰਦੀਪ ਸਿੰਘ, ਜੋਗਾ ਸਿੰਘ, ਜਥੇਦਾਰ ਮੰਗਲ ਸਿੰਘ ਖ਼ਾਲਸਾ, ਉਪ ਪ੍ਰਧਾਨ ਈਸ਼ਵਰ ਸਿੰਘ, ਮੋਹਨ ਸਿੰਘ, ਬਲਵੀਰ ਸਿੰਘ, ਰਘੁਵੀਰ ਸਿੰਘ, ਘਨੱਈਆ ਲਾਲ, ਬਾਲੀ ਸਿੰਘ, ਸੁਖਵਿੰਦਰ ਸਿੰਘ, ਸੁਨੀਲ ਕੁਮਾਰ, ਜਗਸੀਰ ਸਿੰਘ, ਗੁਰਤੇਜ ਸਿੰਘ, ਬਬਲੀ ਕੌਰ, ਸੀਮਾ ਰਾਣੀ, ਰਾਣੀ ਕੌਰ, ਸਰੋਜ ਰਾਣੀ ਆਦਿ ਹਾਜ਼ਰ ਸਨ।
(ਖਬਰ ਨਾਲ ਸੰਬੰਧਿਤ ਤਸਵੀਰਾਂ 6 ’ਤੇ ਵੇਖੋ)