25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਹਲਕਾ ਇੰਚਾਰਜ ਦੀ ਅਣਹੋਂਦ ਕਾਰਨ ਸੁਲਤਾਨਪੁਰ ਲੋਧੀ ਦੀ ਪੰਥਕ ਸੀਟ 'ਤੇ ਸ਼੍ਰੋਮਣੀ ਅਕਾਲੀ ਦਲ ਦੀ ਪਕੜ ਹੋਈ ਢਿੱਲੀ <br/>

Ad Position 21
No active advertisement
ਅਜੀਤ ਡੈਸਕ 02-01-2026
ਸੁਲਤਾਨਪੁਰ ਲੋਧੀ, 1 ਜਨਵਰੀ (ਥਿੰਦ) - ਪੰਜਾਬ ਦੀ ਸਿਆਸਤ ਵਿੱਚ ਹਲਕਾ ਸੁਲਤਾਨਪੁਰ ਲੋਧੀ ਸ਼ੁਰੂ ਤੋਂ ਹੀ ਪੰਥਕ ਸੋਚ ਤੇ ਅਕਾਲੀ ਵਿਚਾਰਧਾਰਾ ਦਾ ਮਜ਼ਬੂਤ ਗੜ ਰਿਹਾ ਹੈ ਪਰ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੀ ਹਾਰ ਤੋਂ ਬਾਅਦ ਪਾਰਟੀ 2017 ਅਤੇ 2022 ਵਿੱਚ ਵੀ ਇਸ ਸੀਟ 'ਤੇ ਆਪਣੇ ਪੈਰ ਨਾ ਜਮਾ ਸਕੀ ਅਤੇ ਹਲਕੇ ਅੰਦਰ ਪਾਰਟੀ ਦਾ ਗ੍ਰਾਫ ਦਿਨੋਂ ਦਿਨ ਹੇਠਾਂ ਵੱਲ ਹੀ ਗਿਆ ਹੈ | ਮੌਜੂਦਾ ਸਮੇਂ ਦੌਰਾਨ ਵੀ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੋਈ ਮਜ਼ਬੂਤ ਸਥਿਤੀ ਵਿੱਚ ਨਹੀਂ ਹੈ | ਪਾਰਟੀ ਵਰਕਰਾਂ ਤੇ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਮੌਜੂਦਾ ਸਮੇਂ ਦੌਰਾਨ ਹਲਕਾ ਇੰਚਾਰਜ ਦੀ ਅਣਹੋਂਦ ਕਾਰਨ ਤੇ ਕਿਸੇ ਮਜ਼ਬੂਤ ਆਗੂ ਦੇ ਹਲਕੇ ਅੰਦਰ ਅੱਗੇ ਆ ਕੇ ਲੋਕਾਂ ਦੀ ਬਾਂਹ ਨਾ ਫੜਨ ਕਾਰਨ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਲੋਕ ਇਸ ਤੋਂ ਮੂੰਹ ਮੋੜ ਕੇ ਆਮ ਆਦਮੀ ਪਾਰਟੀ ਅਤੇ ਰਾਣਾ ਧੜੇ ਨਾਲ ਤੁਰ ਪਏ ਹਨ | 2007 ਦੀਆਂ ਵਿਧਾਨ ਸਭਾ ਚੋਣਾਂ ਵਿੱਚ 40 ਫ਼ੀਸਦੀ ਤੋਂ ਵੱਧ ਵੋਟਾਂ ਪ੍ਰਾਪਤ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਮੌਜੂਦਾ ਸਮੇਂ ਦੌਰਾਨ ਬਹੁਤ ਪਤਲੀ ਹੋ ਚੁੱਕੀ ਹੈ, ਜਿਸ ਦੀ ਤਾਜ਼ਾ ਉਦਾਹਰਣ ਹੁਣੇ ਹੁਣੇ ਹੋਈਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਹਲਕੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਪ੍ਰਤੀਸ਼ਤ 10 ਫ਼ੀਸਦੀ ਤੋਂ ਵੀ ਘੱਟ ਹੋ ਗਈ ਹੈ | ਦੋ ਵਾਰ ਕੈਬਨਿਟ ਮੰਤਰੀ ਰਹੇ ਡਾਕਟਰ ਉਪਿੰਦਰਜੀਤ ਕੌਰ ਵੱਲੋਂ ਆਪਣੇ ਕਾਰਜਕਾਲ ਦੌਰਾਨ ਹਲਕੇ ਦਾ ਇਤਿਹਾਸਕ ਵਿਕਾਸ ਕਾਰਜ ਕਰਵਾਏ ਜਾਣ ਦੇ ਬਾਵਜੂਦ ਵੀ ਪਾਰਟੀ ਦਿਨੋਂ ਦਿਨ ਗਿਰਾਵਟ ਵੱਲ ਗਈ | 2022 ਵਿੱਚ ਸ਼੍ਰੋਮਣੀ ਅਕਾਲੀ ਦਲ ਨੇ 15 ਫ਼ੀਸਦੀ ਵੋਟਾਂ ਪ੍ਰਾਪਤ ਕੀਤੀਆਂ ਸਨ ਅਤੇ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਹਾਈ ਕਮਾਂਡ ਵੱਲੋਂ ਪਾਰਟੀ ਵਰਕਰਾਂ ਦੀ ਰਾਏ ਜਾਣੇ ਬਗ਼ੈਰ ਹੀ ਕਾਂਗਰਸ ਪਾਰਟੀ ਵਿਚੋਂ ਅਸਤੀਫ਼ਾ ਦੇ ਕੇ ਆਏ ਅਤੇ ਹਲਕੇ ਦੇ ਟਕਸਾਲੀ ਆਗੂਆਂ ਨੂੰ ਨਜ਼ਰਅੰਦਾਜ਼ ਕਰਕੇ ਚੋਣ ਮੈਦਾਨ ਵਿੱਚ ਉਤਾਰੇ ਗਏ ਉਮੀਦਵਾਰ ਨੂੰ ਹਲਕੇ ਦੇ ਵੋਟਰਾਂ ਨੇ ਬਹੁਤਾ ਹੁੰਗਾਰਾ ਨਾ ਦਿੱਤਾ | ਟਿਕਟ ਦੇਣ ਤੋਂ ਪਹਿਲਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਲੰਧਰ ਵਿਖੇ ਹਲਕੇ ਦੇ ਵਰਕਰਾਂ ਦੀ ਰਾਏ ਜਾਣਨ ਲਈ ਮੀਟਿੰਗ ਕੀਤੀ ਤਾਂ ਉਸ ਸਮੇਂ ਸੀਨੀਅਰ ਵਰਕਰਾਂ ਤੇ ਆਗੂਆਂ ਨੇ ਉਪਰੋਕਤ ਆਗੂ ਨੂੰ ਹਲਕਾ ਸੁਲਤਾਨਪੁਰ ਲੋਧੀ ਤੋਂ ਟਿਕਟ ਦਿੱਤੇ ਜਾਣ ਦੀ ਕਨਸੋਅ ਤੋਂ ਜਾਣੂ ਕਰਵਾਇਆ ਤਾਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਫ਼ ਕਹਿ ਦਿੱਤਾ ਕਿ ਉਹ ਉਸ ਨੂੰ ਜਾਣਦੇ ਤੱਕ ਨਹੀਂ ਪਰ ਕੁੱਝ ਸਮੇਂ ਬਾਅਦ ਹੀ ਕਾਂਗਰਸ ਪਾਰਟੀ ਤੋਂ ਅਕਾਲੀ ਦਲ ਵਿੱਚ ਲਿਆਂਦੇ ਗਏ ਉਕਤ ਆਗੂ ਨੂੰ ਟਿਕਟ ਦਿੱਤੇ ਜਾਣ ਤੇ ਪਾਰਟੀ ਵਰਕਰਾਂ ਵਿੱਚ ਰੋਸ ਪੈਦਾ ਹੋ ਗਿਆ | ਹਲਕੇ ਅੰਦਰ ਕੋਈ ਬਹੁਤੀ ਦਿਲਚਸਪੀ ਨਾ ਦਿਖਾਏ ਜਾਣ ਕਾਰਨ ਵਰਕਰਾਂ ਦਾ ਹੌਸਲਾ ਟੁੱਟ ਗਿਆ ਤੇ ਟਕਸਾਲੀ ਆਗੂਆਂ ਨੇ ਵੀ ਦੂਜੀਆਂ ਪਾਰਟੀਆਂ ਵੱਲ ਮੁੱਖ ਮੋੜ ਲਿਆ | ਅਜਿਹੀ ਸਥਿਤੀ ਵਿੱਚ ਵੀ ਪਾਰਟੀ ਹਾਈਕਮਾਂਡ ਨੇ ਹਲਕਾ ਇੰਚਾਰਜ ਲਗਾਉਣ ਵੱਲ ਕੋਈ ਬਹੁਤੀ ਤਵੱਜੋਂ ਨਾ ਦਿੱਤੀ ਜਿਸ ਕਾਰਨ ਹਲਕੇ ਦੇ ਵੋਟਰਾਂ ਵਿੱਚ ਨਿਰਾਸ਼ਾ ਪੈਦਾ ਹੋ ਗਈ | ਹਲਕਾ ਇੰਚਾਰਜ ਦੀ ਅਣਹੋਂਦ ਦੇ ਦੌਰਾਨ ਸੀਨੀਅਰ ਅਕਾਲੀ ਆਗੂ ਜਿਨ੍ਹਾਂ ਵਿੱਚ ਇੰਜੀਨੀਅਰ ਸਵਰਨ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ, ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ, ਦੁਆਬੇ ਦੇ ਸੀਨੀਅਰ ਯੂਥ ਆਗੂ ਸੁਖਦੇਵ ਸਿੰਘ ਨਾਨਕਪੁਰ, ਅਵਤਾਰ ਸਿੰਘ ਮੀਰੇ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਢਿੱਲੋਂ, ਜਥੇਦਾਰ ਗੁਰਜੰਟ ਸਿੰਘ ਸੰਧੂ, ਐਸ. ਸੀ. ਵਿੰਗ ਦੇ ਪ੍ਰਧਾਨ ਕੁਲਦੀਪ ਸਿੰਘ ਬੂਲੇ, ਸਤਨਾਮ ਸਿੰਘ ਰਾਮੇ, ਜਰਨੈਲ ਸਿੰਘ ਬੂਲੇ, ਕਰਨ ਆਹਲੀ ਆਦਿ ਵੱਲੋਂ ਹਲਕੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਵਿਚਰਦਿਆਂ ਪਾਰਟੀ ਦੀਆਂ ਪੰਥਕ ਤੇ ਸੇਵਾ ਭਾਵਨਾ ਵਾਲੀਆਂ ਨੀਤੀਆਂ ਨੂੰ ਲੈ ਕੇ ਲੋਕਾਂ ਨਾਲ਼ ਰਾਬਤਾ ਰੱਖਿਆ ਜਾ ਰਿਹਾ ਹੈ | ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਸੀਨੀਅਰ ਆਗੂਆਂ ਨੇ ਖ਼ੁਦ ਚੋਣਾਂ ਲੜੀਆਂ ਪਰ ਹਲਕੇ ਦੇ ਵੋਟਰਾਂ ਨੇ ਉਨ੍ਹਾਂ ਨੂੰ ਬਹੁਤਾ ਹੁੰਗਾਰਾ ਲਹੀਂ ਦਿੱਤਾ | ਪਾਰਟੀ ਹਾਈਕਮਾਂਡ ਵੱਲੋਂ ਹਲਕੇ ਦੀ ਜ਼ਿੰਮੇਵਾਰੀ ਕਿਸੇ ਸਥਾਨਕ ਆਗੂ ਨੂੰ ਨਾ ਦਿੱਤੇ ਜਾਣ ਕਾਰਨ ਬਹੁਤੇ ਵਰਕਰ ਘਰਾਂ 'ਚ ਬੈਠ ਗਏ ਹਨ | ਵਰਕਰਾਂ ਨੇ ਕਿਹਾ ਕਿ ਜੇ ਪਾਰਟੀ ਹਾਈਕਮਾਂਡ ਹਲਕਾ ਸੁਲਤਾਨਪੁਰ ਲੋਧੀ ਅੰਦਰ ਪੰਥਕ ਸੀਟ ਨੂੰ ਮੁੜ ਸੁਰਜੀਤ ਕਰਨਾ ਚਾਹੁੰਦੀ ਹੈ ਤਾਂ ਬਿਨਾਂ ਦੇਰੀ ਧੜੱਲੇਦਾਰ, ਪੰਥਕ ਸੋਚ ਵਾਲੇ ਤੇ ਲੋਕਾਂ ਵਿੱਚ ਵਿਚਰਨ ਵਾਲੇ ਆਗੂਆਂ ਵਿਚੋਂ ਕਿਸੇ ਇਕ ਨੂੰ ਜ਼ਿੰਮੇਵਾਰੀ ਸੌਂਪੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਜੀਵਨ ਦੀਆਂ ਬੁਨਿਆਦੀ ਸਹੂਲਤਾਂ ਲਈ ਤਰਸ ਰਹੇ ਪੁੱਡਾ ਪ੍ਰਵਾਨਿਤ ਕਾਲੋਨੀ ਸਾਊਥ ਸਿਟੀ ਦੇ ਵਾਸੀ <br/> ਅਗਲੀ ਖ਼ਬਰ ਮੀਂਹ ਤੇ ਠੰਡੀਆਂ ਹਵਾਵਾਂ ਨੇ ਛੇੜੀ ਕੰਬਣੀ, ਪਵਿੱਤਰ ਨਗਰੀ ਦੀਆਂ ਸੜਕਾਂ ਚਿੱਕੜ ਨਾਲ ਭਰੀਆਂ <br/>
Ad Position 24