ਸੁਲਤਾਨਪੁਰ ਲੋਧੀ, 3 ਜਨਵਰੀ (ਨਰੇਸ਼ ਹੈਪੀ)- ਜੱਟ ਸਭਾ ਵੈੱਲਫੇਅਰ ਸੁਸਾਇਟੀ ਦੀ ਮਹੀਨਾਵਾਰ ਮੀਟਿੰਗ ਸਭਾ ਦੇ ਸਰਪ੍ਰਸਤ ਸੰਤੋਖ ਸਿੰਘ ਭਾਗੋਰਾਈਆਂ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਬੇਬੇ ਨਾਨਕੀ ਜੀ ਸੁਲਤਾਨਪੁਰ ਲੋਧੀ ਵਿਖੇ ਹੋਈ ਜਿਸ ਵਿਚ ਸਰਕਾਰ ਵੱਲੋਂ ਦਿੱਤੀ ਜਾਂਦੀ ਰਿਜ਼ਰਵੇਸ਼ਨ ਦੇ ਮੁੱਦੇ 'ਤੇ ਡੂੰਘੀ ਵਿਚਾਰ ਚਰਚਾ ਹੋਈ | ਸਭਾ ਇਸ ਮੁੱਦੇ 'ਤੇ ਇੱਕਜੁੱਟ ਸੀ ਕਿ ਰਿਜ਼ਰਵੇਸ਼ਨ ਦਾ ਆਧਾਰ ਆਰਥਿਕ ਹੋਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਜੇਕਰ ਔਖੇ ਸੌਖੇ ਬੱਚੇ ਪੜ੍ਹਾ ਲਈਏ ਤਾਂ ਰਿਜ਼ਰਵੇਸ਼ਨ ਦੀ ਨੀਤੀ ਤਹਿਤ ਉਹ ਨੌਕਰੀਆਂ ਤੋਂ ਵਾਂਝੇ ਰਹਿ ਜਾਂਦੇ ਹਨ ਜੋ ਕਿ ਘੋਰ ਅਨਿਆਂ ਹੈ | ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇਸ ਪਾਸੇ ਧਿਆਨ ਦੇ ਕੇ ਰਿਜ਼ਰਵੇਸ਼ਨ ਨੂੰ ਆਰਥਿਕ ਆਧਾਰ 'ਤੇ ਲਾਗੂ ਕਰੇ | ਇਸ ਮੌਕੇ ਉਨ੍ਹਾਂ ਪੰਜਾਬ ਦੇ ਕਿਸਾਨ ਦੇ ਦਿਨੋਂ ਦਿਨ ਹਾਲਾਤ ਨਿਘਾਰ ਵੱਲ ਜਾਣ 'ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜਿਵੇਂ ਕਈ ਸੂਬਿਆਂ ਵਿਚ ਖੱਸ ਖੱਸ ਦੀ ਖੇਤੀ ਕੀਤੀ ਜਾਂਦੀ ਹੈ ਉਵੇਂ ਹੀ ਜੱਟ ਸਭਾ ਇਸ ਖੇਤੀ ਕਰਨ ਦੀ ਮੁੱਦਈ ਹੈ | ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਲੋੜੀਂਦਾ ਕਾਨੂੰਨ ਵਿਧਾਨ ਸਭਾ ਵਿਚ ਪਾਸ ਕਰਕੇ ਖੱਸ ਖ਼ੱਸ ਦੀ ਖੇਤੀ ਲਈ ਮਨਜ਼ੂਰੀ ਦਿੱਤੀ ਜਾਵੇ | ਇਸ ਮੌਕੇ ਸਭਾ ਦੇ ਸਰਪ੍ਰਸਤ ਸੰਤੋਖ ਸਿੰਘ ਭਾਗੋਰਾਈਆਂ ਤੋਂ ਇਲਾਵਾ ਗੁਰਦੁਆਰਾ ਬੇਬੇ ਨਾਨਕੀ ਦੇ ਮੈਨੇਜਰ ਗੁਰਦਿਆਲ ਸਿੰਘ ਯੂ.ਕੇ., ਬਾਬਾ ਜਸਪਾਲ ਸਿੰਘ, ਪ੍ਰਧਾਨ ਮਹਿੰਦਰ ਸਿੰਘ, ਜਨਰਲ ਸਕੱਤਰ ਅਜੀਤ ਸਿੰਘ ਔਜਲਾ, ਸਾਹਿਬ ਸਿੰਘ ਭੁੱਲਰ, ਅਵਤਾਰ ਸਿੰਘ, ਸਰਬਜੀਤ ਸਿੰਘ, ਰਣਧੀਰ ਸਿੰਘ, ਕੁੰਦਨ ਸਿੰਘ ਚਕਾਂ, ਜਗਪਾਲ ਸਿੰਘ ਚੀਮਾ, ਸੁਖਵਿੰਦਰ ਸਿੰਘ, ਸੁਖਪਾਲ ਸਿੰਘ, ਸੁਖਦੇਵ ਸਿੰਘ, ਹਰਵੰਤ ਸਿੰਘ ਵੜੈਚ, ਬਲਵਿੰਦਰ ਸਿੰਘ, ਕੁਲਦੀਪ ਸਿੰਘ ਸਰੂਪਵਾਲ, ਸ਼ਿੰਦਰ ਸਿੰਘ ਬੁੱਸੋਵਾਲ, ਸੁਰਜੀਤ ਸਿੰਘ, ਹਜ਼ਾਰਾ ਸਿੰਘ, ਸੁਖਵਿੰਦਰ ਸਿੰਘ, ਅਮਰਜੀਤ ਸਿੰਘ ਬੰਬ, ਬਲਵਿੰਦਰ ਸਿੰਘ ਫੱਤੋਵਾਲ ਆਦਿ ਹਾਜ਼ਰ ਸਨ |