ਚੁਗਿੱਟੀ/ਜੰਡੂ ਸਿੰਘਾ, 5 ਜਨਵਰੀ (ਨਰਿੰਦਰ ਲਾਗੂ) - ਜਲੰਧਰ-ਹੁਸ਼ਿਆਰਪੁਰ ਮਾਰਗ 'ਤੇ ਸਥਿਤ ਤੱਪ ਅਸਥਾਨ ਨਿਰਮਲ ਕੁਟੀਆ ਜੋਹਲਾਂ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਾਵਨ ਪ੍ਰਕਾਸ਼ ਪੁਰਬ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਅਖੰਡ ਪਾਠ ਭੋਗ ਤੋਂ ਬਾਅਦ ਰਾਗੀ ਤੇ ਢਾਡੀ ਜਥਿਆਂ ਵੱਲੋਂ ਗੁਰਬਾਣੀ ਦਾ ਰਸਭਿੰਨਾ ਗਾਇਨ ਕੀਤਾ ਗਿਆ | ਗੁਰੂ ਘਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਜੀਤ ਸਿੰਘ ਨੇ ਸਭਨਾਂ ਨੂੰ ਵੱਧ ਤੋਂ ਵੱਧ ਵਕਤ ਪ੍ਰਭੂ ਦੀ ਭਗਤੀ ਵਿੱਚ ਗੁਜ਼ਾਰਨ ਦੀ ਤਾਕੀਦ ਕੀਤੀ | ਉਨ੍ਹਾਂ ਕਿਹਾ ਕਿ ਮਨੁੱਖਾ ਜਨਮ ਦਾ ਮੁੱਖ ਮਨੋਰਥ ਹੀ ਪ੍ਰਮਾਤਮਾ ਦੀ ਬੰਦਗੀ ਕਰਨਾ ਹੈ | ਇਸ ਕਰਕੇ ਇਸ ਕਾਰਜ ਵੱਲ ਤਵੱਜੋਂ ਵਧਾਉਣ ਦਾ ਯਤਨ ਕਰਨਾ ਚਾਹੀਦਾ ਹੈ | ਸਟੇਜ ਸਕੱਤਰ ਵਜੋਂ ਸੇਵਾ ਭਾਈ ਅਵਤਾਰ ਸਿੰਘ ਸ਼ੇਰਗਿੱਲ ਵਲੋਂ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਈ ਗਈ | ਇਸ ਮੌਕੇ ਪਰਮਜੀਤ ਸਿੰਘ, ਰਸਵਿੰਦਰ ਸਿੰਘ, ਕੁਲਦੀਪ ਸਿੰਘ, ਆਰ.ਪੀ. ਸਿੰਘ, ਸੱਤਿਆਪਾਲ ਸਿੰਘ, ਫ਼ਕੀਰ ਸਿੰਘ, ਅਮਰੀਕ ਸਿੰਘ, ਹੁਕਮ ਸਿੰਘ ਤੇ ਜੋਗਾ ਸਿੰਘ ਆਦਿ ਹਾਜ਼ਰ ਸਨ |