21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਸੰਤ ਸੀਚੇਵਾਲ ਦੇ ਯਤਨਾਂ ਸਦਕਾ ਓਮਾਨ 'ਚ ਫਸੀਆਂ ਪੰਜਾਬ ਦੀਆਂ ਪੰਜ ਲੜਕੀਆਂ ਦੀ ਸੁਰੱਖਿਅਤ ਵਾਪਸੀ

Ad Position 21
No active advertisement
ਅਜੀਤ ਡੈਸਕ 06-01-2026
ਸੁਲਤਾਨਪੁਰ ਲੋਧੀ, 5 ਜਨਵਰੀ (ਨਰੇਸ਼ ਹੈਪੀ)-ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਓਮਾਨ 'ਚ ਫਸੀਆਂ 5 ਪੰਜਾਬੀ ਲੜਕੀਆਂ ਨੂੰ ਸੁਰੱਖਿਅਤ ਤਰੀਕੇ ਨਾਲ ਭਾਰਤ ਵਾਪਸ ਲਿਆਂਦਾ ਗਿਆ ਹੈ | ਇੰਨ੍ਹਾਂ 'ਚੋਂ ਇੱਕ ਪੀੜਤਾ ਜਲੰਧਰ ਜ਼ਿਲ੍ਹੇ ਨਾਲ ਸੰਬੰਧਤ ਹੈ, ਜਿਸ ਨੇ ਆਪਣੀ ਦਰਦਨਾਕ ਆਪਬੀਤੀ ਸਾਂਝੀ ਕੀਤੀ | ਪੀੜਤਾ ਨੇ ਕਿਹਾ ਕਿ ਜੇਕਰ ਸੰਤ ਸੀਚੇਵਾਲ ਸਮੇਂ ਸਿਰ ਦਖ਼ਲ ਨਾ ਦਿੰਦੇ ਤਾਂ ਉਸ ਦੀ ਵਾਪਸੀ ਸੰਭਵ ਨਹੀਂ ਸੀ | ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ 16 ਦਸੰਬਰ, 2025 ਨੂੰ ਸੰਤ ਸੀਚੇਵਾਲ ਨਾਲ ਸੰਪਰਕ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਤੁਰੰਤ ਵਿਦੇਸ਼ ਮੰਤਰਾਲੇ ਕੋਲ ਮਾਮਲਾ ਉਠਾਇਆ ਗਿਆ | ਇਸ ਕਾਰਵਾਈ ਸਦਕਾ 14 ਦਿਨਾਂ ਦੇ ਅੰਦਰ ਪੀੜਤਾ ਦੀ ਸੁਰੱਖਿਅਤ ਵਾਪਸੀ ਯਕੀਨੀ ਬਣੀ | ਪੀੜਤਾ ਨੇ ਦੱਸਿਆ ਕਿ ਉਹ 30 ਦਸੰਬਰ ਨੂੰ ਚਾਰ ਹੋਰ ਲੜਕੀਆਂ ਸਮੇਤ ਭਾਰਤ ਪਰਤੀ | ਉਸ ਨੇ ਦੱਸਿਆ ਕਿ ਸਤੰਬਰ ਮਹੀਨੇ 'ਚ ਉਸ ਨੂੰ ਰੁਜ਼ਗਾਰ ਦੇ ਸੁਪਨੇ ਦਿਖਾ ਕੇ ਵਿਦੇਸ਼ ਲਿਜਾਇਆ ਗਿਆ ਪਰ ਓਮਾਨ ਪਹੁੰਚਣ 'ਤੇ ਪਤਾ ਲੱਗਾ ਕਿ ਉਸ ਨੂੰ 1200 ਰਿਆਲ ਦੇ ਬਦਲੇ ਵੇਚ ਦਿੱਤਾ ਗਿਆ ਹੈ | ਹੈਰਾਨੀਜਨਕ ਖ਼ੁਲਾਸਾ ਕਰਦਿਆਂ ਪੀੜਤਾ ਨੇ ਦੱਸਿਆ ਕਿ ਇਸ ਸਾਰੇ ਜਾਲ ਦੇ ਪਿੱਛੇ ਉਸਦੀ ਆਪਣੀ ਮਾਮੀ ਸੀ, ਜੋ ਉਸ ਨੂੰ ਓਮਾਨ ਛੱਡ ਕੇ ਖੁਦ ਭਾਰਤ ਵਾਪਸ ਆ ਗਈ | ਉਸ ਨੇ ਕਿਹਾ ਕਿ ਓਮਾਨ 'ਚ ਬਿਤਾਏ ਚਾਰ ਮਹੀਨੇ ਉਸਦੀ ਜ਼ਿੰਦਗੀ ਦੇ ਸਭ ਤੋਂ ਡਰਾਉਣੇ ਦਿਨ ਸਨ | ਪੀੜਤਾ ਅਨੁਸਾਰ ਉੱਥੇ ਉਸ 'ਤੇ ਜਬਰਨ ਅਣਚਾਹੇ ਕੰਮ ਕਰਨ ਲਈ ਦਬਾਅ ਬਣਾਇਆ ਜਾਂਦਾ ਸੀ | ਵਿਰੋਧ ਕਰਨ 'ਤੇ ਉਸ ਨਾਲ ਬਦਸਲੂਕੀ ਤੇ ਮਾਰਕੁੱਟ ਕੀਤੀ ਜਾਂਦੀ ਸੀ | ਜਦੋਂ ਉਸਨੇ ਭਾਰਤ ਵਾਪਸੀ ਦੀ ਮੰਗ ਕੀਤੀ ਤਾਂ ਦੋ ਲੱਖ ਰੁਪਏ ਜਾਂ ਭਾਰਤ ਤੋਂ ਦੋ ਹੋਰ ਲੜਕੀਆਂ ਭੇਜਣ ਦੀ ਸ਼ਰਤ ਰੱਖੀ ਗਈ | ਉਸ ਨੇ ਦੱਸਿਆ ਕਿ ਦੋ ਮਹੀਨੇ ਤੱਕ ਉਹ ਇੱਕ ਪਰਿਵਾਰ 'ਚ ਕੰਮ ਕਰਦੀ ਰਹੀ ਪਰ ਜਦੋਂ ਉਸ ਨੂੰ ਅਹਿਸਾਸ ਹੋਇਆ ਕਿ ਹੁਣ ਉਹ ਆਪਣੀ ਇੱਜ਼ਤ ਦੀ ਰੱਖਿਆ ਨਹੀਂ ਕਰ ਸਕੇਗੀ ਤਾਂ ਕਿਸੇ ਤਰ੍ਹਾਂ ਜਾਨ ਬਚਾ ਕੇ ਇੱਕ ਸੁਰੱਖਿਅਤ ਥਾਂ ਤੱਕ ਪਹੁੰਚੀ ਉੱਥੇ ਪਹਿਲਾਂ ਹੀ ਲਗਭਗ 70 ਹੋਰ ਭਾਰਤੀ ਲੜਕੀਆਂ ਇਸੇ ਤਰ੍ਹਾਂ ਦੇ ਹਾਲਾਤ 'ਚ ਫਸੀਆਂ ਹੋਈਆਂ ਸਨ | ਪੀੜਤਾ ਨੇ ਦੱਸਿਆ ਕਿ ਮਸਕਟ (ਓਮਾਨ) 'ਚ ਲੜਕੀਆਂ ਨੂੰ ਘਰੇਲੂ ਕੰਮ ਦੇ ਨਾਂਅ 'ਤੇ ਬੁਲਾ ਕੇ ਇੱਕ ਤਰੀਕੇ ਨਾਲ ਵੇਚਿਆ ਜਾ ਰਿਹਾ ਹੈ | ਪੀੜਤਾ ਨੇ ਅਪੀਲ ਕਰਦਿਆਂ ਕਿਹਾ ਕਿ ਓਮਾਨ ਲੜਕੀਆਂ ਲਈ ਸੁਰੱਖਿਅਤ ਨਹੀਂ ਹੈ ਉੱਥੇ ਜਾਣ ਤੋਂ ਪਹਿਲਾਂ ਵੱਡੇ ਸੁਪਨੇ ਦਿਖਾਏ ਜਾਂਦੇ ਹਨ, ਪਰ ਅਸਲੀਅਤ ਬਿਲਕੁਲ ਵੱਖਰੀ ਹੁੰਦੀ ਹੈ |
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਦੋ ਵਿਅਕਤੀ ਕਾਬੂ ਅਗਲੀ ਖ਼ਬਰ ਸਟੇਟ ਪਬਲਿਕ ਸਕੂਲ ਕੈਂਟ 'ਚ ਰਾਸ਼ਟਰੀ ਸਿੱਖਿਆ ਨਿਤੀ ਤਹਿਤ ਵਰਕਸ਼ਾਪ ਕਰਵਾਈ <br/>
Ad Position 24