ਕਪੂਰਥਲਾ, 6 ਜਨਵਰੀ (ਅਮਰਜੀਤ ਕੋਮਲ)-ਵਾਲਮੀਕਿ ਸਮਾਜ ਨਾਲ ਸਬੰਧਿਤ ਵੱਖ-ਵੱਖ ਜਥੇਬੰਦੀਆਂ ਵਲੋਂ ਆਮ ਆਦਮੀ ਪਾਰਟੀ ਦੀ ਸਾਬਕਾ ਹਲਕਾ ਇੰਚਾਰਜ ਮੰਜੂ ਰਾਣਾ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਅੱਜ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕਪੂਰਥਲਾ ਸ਼ਹਿਰ ਮੁਕੰਮਲ ਬੰਦ ਰਿਹਾ | ਸ਼ਹਿਰ ਵਿਚ ਦਵਾਈ ਵਾਲੀਆਂ ਦੁਕਾਨਾਂ, ਲੈਬਾਰਟਰੀਆਂ ਬੈਂਕਾਂ ਤੇ ਹੋਰ ਸਰਕਾਰੀ ਅਦਾਰੇ ਆਮ ਦਿਨਾਂ ਵਾਂਗ ਖੁੱਲੇ ਰਹੇ | ਸ਼ਹਿਰ ਵਾਸੀਆਂ ਨੇ ਆਪਣੇ ਕਾਰੋਬਾਰ ਬੰਦ ਰੱਖ ਕਪੂਰਥਲਾ ਬੰਦ ਨੂੰ ਸਫ਼ਲ ਬਣਾਉਣ ਵਿਚ ਸਹਿਯੋਗ ਦਿੱਤਾ | ਕਮਲੇਸ਼ਵਰ ਐਜੂਕੇਸ਼ਨ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਹੰਸ, ਵਾਲਮੀਕਿ ਸੰਘਰਸ਼ ਮੋਰਚਾ ਦੇ ਕੌਮੀ ਪ੍ਰਧਾਨ ਰੌਸ਼ਨ ਲਾਲ ਸਭਰਵਾਲ ਤੇ ਵਾਲਮੀਕਿ ਨੌਜਵਾਨ ਸਭਾ ਦੇ ਪ੍ਰਧਾਨ ਕੋਮਲ ਸਹੋਤਾ ਨੇ ਦੱਸਿਆ ਕਿ ਪਿਛਲੇ ਮਹੀਨਿਆਂ ਦੌਰਾਨ ਮਨਸੂਰਵਾਲ ਦੇ ਨੇੜੇ ਭਗਵਾਨ ਵਾਲਮੀਕ ਜੀ ਦੇ ਬਣ ਰਹੇ ਮੰਦਿਰ ਵਾਲੀ ਥਾਂ ਨੇੜੇ 'ਆਪ' ਦੀ ਆਗੂ ਨੇ ਮੌਕੇ 'ਤੇ ਆ ਕੇ ਵਾਲਮੀਕ ਸਮਾਜ ਦੇ ਕੁੱਝ ਆਗੂਆਂ ਨੂੰ ਕਥਿਤ ਤੌਰ 'ਤੇ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕੀਤੀ ਤੇ ਇਹ ਮਾਮਲਾ ਐੱਸ.ਐੱਸ.ਪੀ. ਕਪੂਰਥਲਾ ਤੇ ਹੋਰ ਅਧਿਕਾਰੀਆਂ ਦੇ ਧਿਆਨ ਵਿਚ ਲਿਆਉਣ ਦੇ ਬਾਵਜੂਦ ਵੀ ਕਈ ਮਹੀਨੇ ਬੀਤ ਜਾਣ 'ਤੇ ਸਬੰਧਿਤ ਆਗੂ ਵਿਰੁੱਧ ਕੋਈ ਕਾਰਵਾਈ ਨਹੀਂ ਹੋਈ, ਜਿਸ ਦੇ ਰੋਸ ਵਜੋਂ ਉਹ ਕਪੂਰਥਲਾ ਬੰਦ ਕਰਨ ਲਈ ਮਜਬੂਰ ਹੋਏ ਹਨ | ਉਨ੍ਹਾਂ ਕਿਹਾ ਕਿ ਜੇਕਰ ਹੁਣ ਵੀ ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕੋਈ ਕਾਰਵਾਈ ਨਾ ਕੀਤੀ ਤਾਂ ਅਗਲੇ ਦਿਨਾਂ ਵਿਚ ਵਾਲਮੀਕ ਸਮਾਜ ਨਾਲ ਸਬੰਧਿਤ ਜਥੇਬੰਦੀਆਂ ਦੀ ਜਲੰਧਰ ਵਿਚ ਮੀਟਿੰਗ ਹੋਵੇਗੀ, ਜਿਸ ਵਿਚ ਅਗਲੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ | ਇਨ੍ਹਾਂ ਆਗੂਆਂ ਨੇ ਦੱਸਿਆ ਕਿ ਬੀਤੀ ਰਾਤ ਐੱਸ.ਐੱਸ.ਪੀ. ਕਪੂਰਥਲਾ ਤੇ ਹੋਰ ਅਧਿਕਾਰੀਆਂ ਵਲੋਂ ਉਨ੍ਹਾਂ ਨੂੰ ਗੱਲਬਾਤ ਕਰਨ ਦਾ ਸੱਦਾ ਦਿੱਤਾ ਗਿਆ ਸੀ, ਪ੍ਰੰਤੂ ਵਾਲਮੀਕ ਸਮਾਜ ਨਾਲ ਸਬੰਧਿਤ ਆਗੂਆਂ ਨੇ ਪੁਲਿਸ ਅਧਿਕਾਰੀਆਂ ਵਲੋਂ ਗੱਲਬਾਤ ਲਈ ਕੀਤੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਤੇ ਕਿਹਾ ਕਿ ਹੁਣ ਉਨ੍ਹਾਂ ਵਲੋਂ ਕਪੂਰਥਲਾ ਬੰਦ ਦਾ ਸੱਦਾ ਦਿੱਤਾ ਗਿਆ ਹੈ | ਦੁਪਹਿਰ ਸਾਢੇ 12 ਵਜੇ ਦੇ ਕਰੀਬ ਵਾਲਮੀਕ ਸਮਾਜ ਦੇ ਆਗੂਆਂ ਨੇ ਸ਼ਕੰਡੀ ਮੰਦਿਰ ਤੋਂ ਰੋਸ ਮਾਰਚ ਕੱਢਿਆ, ਜੋ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਦੀ ਹੁੰਦਾ ਹੋਇਆ ਮੁੜ ਸ਼ਕੰਡੀ ਵਿਚ ਸਮਾਪਤ ਹੋਇਆ | ਰੋਸ ਮਾਰਚ ਦੌਰਾਨ ਰੋਹ ਵਿਚ ਆਏ ਵਾਲਮੀਕ ਸਮਾਜ ਦੇ ਆਗੂਆਂ ਨੇ ਪੁਲਿਸ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ | ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਜ਼ੋਰ ਦੇ ਕੇ ਕਿਹਾ ਕਿ ਜਦੋਂ ਤੱਕ ਆਮ ਆਦਮੀ ਪਾਰਟੀ ਦੀ ਆਗੂ ਵਿਰੁੱਧ ਬਣਦੀ ਕਾਰਵਾਈ ਨਹੀਂ ਹੁੰਦੀ, ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ | ਰੋਸ ਮਾਰਚ ਵਿਚ ਵਾਲਮੀਕ ਸੰਘਰਸ਼ ਮੋਰਚਾ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਅਰਜਨ ਸਭਰਵਾਲ, ਕਮਲੇਸ਼ ਐਜੂਕੇਸ਼ਨ ਟਰੱਸਟ ਦੇ ਸੂਬਾਈ ਪ੍ਰਧਾਨ ਸਾਬੀ ਲੰਕੇਸ਼, ਵਾਲਮੀਕ ਸੰਘਰਸ਼ ਮੋਰਚਾ ਦੇ ਚੇਅਰਮੈਨ ਸ਼ਾਰਪ ਸਭਰਵਾਲ, ਬੱਬਲੂ ਥਾਪਰ, ਗੋਰਾ ਸੁਨੇਰਿਆ, ਮੰਗਾ, ਰਾਜਵਿੰਦਰ, ਬੀਬੀ ਸ਼ੀਲਾ, ਬੀਬੀ ਗੁਰਬਖ਼ਸ਼ ਕੌਰ, ਬੀਬੀ ਨਰਿੰਦਰ, ਸੁਖਦੇਵ ਸਿੰਘ, ਦੀ ਕਲਾਸ ਫੌਰ ਗੌਰਮਿੰਟ ਇੰਪਲਾਈਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰਪਾਲ ਉੱਗੀ, ਮੋਨੂੰ ਤੇਜੀ, ਚੇਅਰਮੈਨ ਸੰਜੇ ਲੂਥਰਾ, ਗੌਰਵ, ਵਿਕਾਸ ਮੋਮੀ, ਵਿਕਾਸ ਸਿੱਧੀ, ਜੀਵਨ ਸਭਰਵਾਲ, ਅਕਾਸ਼, ਅਨਮੋਲ, ਵਿਜੇ ਕੁਮਾਰ, ਵਿਨੈ ਕਾਦੂਪੁਰ, ਜਸਪਾਲ ਮੈਣਵਾਂ, ਗੁਰਦੇਵ ਮੈਣਵਾਂ, ਧਰਮਿੰਦਰ ਗਿੱਲ, ਵਿੱਕੀ, ਮੰਗਾ ਲਾਹੌਰੀ ਗੇਟ, ਅਰਜਨ ਸਭਰਵਾਲ, ਕਾਲਜ ਪ੍ਰਧਾਨ, ਨਰਿੰਦਰ ਕੌਰ, ਤਰਲੋਕ, ਜਥੇਦਾਰ ਨਰਿੰਦਰ ਸਿੰਘ, ਰੇਨੂੰ ਪ੍ਰਧਾਨ, ਸੋਨੂੰ ਔਜਲਾ, ਮਨੋਜ ਆਦਿ ਹਾਜ਼ਰ ਸਨ | ਇੱਥੇ ਵਰਨਣਯੋਗ ਹੈ ਕਿ ਪੁਲਿਸ ਪ੍ਰਸ਼ਾਸਨ ਵਲੋਂ ਬੰਦ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸ਼ਹਿਰ ਵਿਚ ਵੱਖ-ਵੱਖ ਥਾਵਾਂ 'ਤੇ ਪੁਲਿਸ ਦੀਆਂ ਟੀਮਾਂ ਤਾਇਨਾਤ ਕਰਕੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ |
ਵਾਲਮੀਕਿ ਸਮਾਜ ਨਾਲ ਸਬੰਧਿਤ ਜਥੇਬੰਦੀਆਂ ਵਲੋਂ ਦਿੱਤੇ ਕਪੂਰਥਲਾ ਬੰਦ ਦੇ ਸੱਦੇ ਨੂੰ ਮਿਲਿਆ ਭਰਵਾਂ ਹੁੰਗਾਰਾ
ਅਜੀਤ ਡੈਸਕ
07-01-2026