ਭੁਲੱਥ, 24 ਜਨਵਰੀ (ਮਨਜੀਤ ਸਿੰਘ ਰਤਨ, ਮੇਹਰ ਚੰਦ ਸਿੱਧੂ)- ਭੁਲੱਥ ਪੁਲਿਸ ਵੱਲੋਂ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 9,31,500 ਰੁਪਏ ਦੀ ਠੱਗੀ ਮਾਰਨ ਵਾਲਿਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ | ਪੁਲਿਸ ਕੋਲ ਦਿੱਤੀ ਗਈ ਦਰਖਾਸਤ 'ਚ ਗੁਰਜੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਮੇਤਲਾ ਨੇ ਦੱਸਿਆ ਕਿ ਮੇਰੇ ਸਾਲੇ ਸੁਖਵਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਮਹੇੜੂ ਜ਼ਿਲ੍ਹਾ ਕਪੂਰਥਲਾ ਨੇ ਵਿਦੇਸ਼ ਜਾਣਾ ਸੀ ਤਾਂ ਉਸ ਨੇ ਏਜੈਂਟ ਪਿ੍ਤਪਾਲ ਸਿੰਘ ਨਾਲ ਗੱਲ ਕੀਤੀ ਜਿਸ ਨੂੰ ਕਿ ਉਹ ਪਹਿਲਾਂ ਤੋਂ ਹੀ ਜਾਣਦਾ ਸੀ | ਪਿ੍ਤਪਾਲ ਸਿੰਘ ਕਾਫ਼ੀ ਲੋਕਾਂ ਨੂੰ ਵਰਕ ਪਰਮਿਟ 'ਤੇ ਕੈਨੇਡਾ ਭੇਜ ਚੁੱਕਾ ਹੈ | ਉਸ ਨੇ ਦੱਸਿਆ ਕਿ ਜੁਲਾਈ 2023 'ਚ ਮੈਂ ਆਪਣੇ ਸਾਲੇ ਸੁਖਵਿੰਦਰ ਸਿੰਘ ਨਾਲ ਏਜੰਟ ਪਿ੍ਤਪਾਲ ਸਿੰਘ ਨੂੰ ਭੁਲੱਥ ਵਿਖੇ ਮਿਲੇ ਸੀ ਜਿੱਥੇ ਸਾਡੀ ਮੇਰੇ ਸਾਲੇ ਸੁਖਵਿੰਦਰ ਸਿੰਘ ਨੂੰ ਵਿਦੇਸ਼ ਕੈਨੇਡਾ ਭੇਜਣ ਸਬੰਧੀ 28 ਲੱਖ ਰੁਪਏ ਵਿਚ ਗੱਲਬਾਤ ਹੋਈ ਸੀ | ਇਹ ਏਜੰਟ ਪਿ੍ਤਪਾਲ ਸਿੰਘ ਪੁੱਤਰ ਰਣਜੀਤ ਸਿੰਘ, ਉਸਦੀ ਭੈਣ ਰਾਜਵਿੰਦਰ ਕੌਰ ਉਰਫ਼ ਰਾਜ ਤੇ ਉਸ ਦੇ ਪਿਤਾ ਰਣਜੀਤ ਸਿੰਘ ਵਾਸੀ ਪਿੰਡ ਮੇਗੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਰਹਿਣ ਵਾਲੇ ਹਨ | ਉਸ ਨੇ ਦੱਸਿਆ ਕਿ ਉਨ੍ਹਾਂ ਨੇ ਏਜੰਟ ਦੇ ਪਿਤਾ ਦੇ ਖਾਤੇ ਵਿਚ 5,31,500 ਰੁਪਏ ਪਾ ਦਿੱਤੇ ਤੇ 4,00,000 ਰੁਪਏ ਉਨ੍ਹਾਂ ਨੇ ਉਸ ਨੂੰ ਨਕਦ ਦੇ ਦਿੱਤੇ | ਪੈਸੇ ਲੈਣ ਤੋਂ ਬਾਅਦ ਇਹ ਏਜੰਟ ਪਿ੍ਤਪਾਲ ਸਿੰਘ ਨੇ ਉਸ ਦੇ ਸਾਲੇ ਦੀ ਕੈਨੇਡਾ ਦੀ ਫਾਈਲ ਨਹੀਂ ਲਗਾਈ ਤੇ ਨਾ ਹੀ ਸਾਡੇ ਨਾਲ ਕੋਈ ਗੱਲ ਕੀਤੀ | ਇਸ ਤੋਂ ਬਾਅਦ ਫਿਰ ਉਸ ਨੇ ਮੇਰੇ ਕੋਲੋਂ 31,500 ਰੁਪਏ ਪੇਪਰ ਤਿਆਰ ਕਰਨ ਲਈ ਮੰਗੇ ਤੇ ਅਸੀਂ ਵੈਸਟਰਨ ਯੂਨੀਅਨ ਰਾਹੀਂ ਪੈਸੇ ਟਰਾਂਸਫ਼ਰ ਕਰ ਦਿੱਤੇ | ਫਿਰ ਵੀ ਏਜੰਟ ਪਿ੍ਤਪਾਲ ਸਿੰਘ ਨੇ ਮੇਰੇ ਸਾਲੇ ਦੀ ਫਾਈਲ ਨਹੀਂ ਲਗਾਈ ਤੇ ਉਸ ਨੇ ਮੇਰਾ ਫ਼ੋਨ ਵੀ ਚੁੱਕਣਾ ਬੰਦ ਕਰ ਦਿੱਤਾ ਜਿਸ ਤੋਂ ਬਾਅਦ ਅਸੀਂ ਉਸ ਕੋਲੋਂ ਪੈਸੇ ਵਾਪਸ ਮੰਗੇ ਤੇ ਕਿਹਾ ਕਿ ਜੇਕਰ ਤੂੰ ਸਾਡਾ ਕੰਮ ਨਹੀਂ ਕਰਾਉਣਾ ਤਾਂ ਸਾਡੇ ਪੈਸੇ ਵਾਪਸ ਕਰਦੇ ਉਸ ਤੋਂ ਬਾਅਦ ਏਜੰਟ ਮੈਨੂੰ ਤੇ ਮੇਰੇ ਸਾਲੇ ਨੂੰ ਧਮਕੀਆਂ ਦੇਣ ਲੱਗ ਪਿਆ ਕਿ ਮੈਂ ਤੁਹਾਡੇ ਵਾਸਤੇ ਵਾਪਸ ਨਹੀਂ ਕਰਨੇ ਜੋ ਹੁੰਦਾ ਕਰ ਲਓ | ਉਸ ਨੇ ਮੰਗ ਕਰਦੇ ਹੋਏ ਕਿਹਾ ਕਿ ਸਾਡੇ ਪੈਸੇ ਵਾਪਸ ਕਰਵਾਏ ਜਾਣ ਤੇ ਇਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ | ਜਿਸ 'ਤੇ ਕਾਰਵਾਈ ਕਰਦੇ ਹੋਏ ਭੁਲੱਥ ਪੁਲਿਸ ਨੇ ਪਿ੍ਤਪਾਲ ਸਿੰਘ ਪੁੱਤਰ ਰਣਜੀਤ ਸਿੰਘ, ਰਣਜੀਤ ਸਿੰਘ ਪੁੱਤਰ ਮਹਿੰਦਰ ਸਿੰਘ, ਰਾਜਵਿੰਦਰ ਕੌਰ ਪੁੱਤਰੀ ਰਣਜੀਤ ਸਿੰਘ ਵਾਸੀ ਮੇਗੋਵਾਲ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |