ਭੁਲੱਥ, 24 ਜਨਵਰੀ (ਮੇਹਰ ਚੰਦ ਸਿੱਧੂ)- ਪੰਜਾਬ ਸਰਕਾਰ ਦੀ ਮੁਫ਼ਤ ਡਾਕਟਰੀ ਇਲਾਜ ਯੋਜਨਾ ਜੋ ਪ੍ਰਤੀ ਪਰਿਵਾਰ 10 ਲੱਖ ਰੁਪਏ ਤੱਕ ਦੀ ਸਹਾਇਤਾ ਪ੍ਰਦਾਨ ਕਰਦੀ ਹੈ | ਪੰਜਾਬ ਦੇ ਲੋਕਾਂ ਲਈ ਇੱਕ ਵੱਡੀ ਰਾਹਤ ਤੇ ਵਰਦਾਨ ਸਾਬਤ ਹੋਵੇਗੀ | ਇਸ ਯੋਜਨਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਰਬਜੀਤ ਸਿੰਘ ਲੁਬਾਣਾ ਨੇ ਕਿਹਾ ਕਿ ਪੰਜਾਬ ਦਾ ਹਰ ਨਿਵਾਸੀ ਇਸ ਯੋਜਨਾ ਦਾ ਲਾਭ ਲੈ ਸਕੇਗਾ ਬਸ਼ਰਤੇ ਉਨ੍ਹਾਂ ਦਾ ਆਧਾਰ ਕਾਰਡ ਤੇ ਵੋਟਰ ਆਈ.ਡੀ. ਲਿੰਕ ਹੋਵੇ | ਲੁਬਾਣਾ ਨੇ ਕਿਹਾ ਕਿ ਇਹ ਦੇਸ਼ ਵਿਚ ਆਪਣੀ ਕਿਸਮ ਦੀ ਪਹਿਲੀ ਸਰਕਾਰੀ ਯੋਜਨਾ ਹੈ ਜੋ ਕਿ ਪੂਰੇ ਸੂਬੇ ਦੀ ਆਬਾਦੀ ਨੂੰ ਕਵਰ ਕਰਦੀ ਹੈ | ਚੇਅਰਮੈਨ ਲੁਬਾਣਾ ਨੇ ਦੱਸਿਆ ਕਿ ਹੁਣ 6.5 ਮਿਲੀਅਨ ਪਰਿਵਾਰ ਤੇ ਪੰਜਾਬ ਦੇ ਲਗਭਗ 30 ਮਿਲੀਅਨ ਲੋਕ ਬਿਨਾਂ ਕਿਸੇ ਸ਼ਰਤ, ਭੇਦਭਾਵ ਜਾਂ ਪਾਬੰਦੀਆਂ ਦੇ 10 ਲੱਖ ਰੁਪਏ ਤੱਕ ਦਾ ਪੂਰੀ ਤਰ੍ਹਾਂ ਮੁਫ਼ਤ, ਨਕਦ ਰਹਿਤ, ਵਿਸ਼ਵ ਪੱਧਰੀ ਇਲਾਜ ਪ੍ਰਾਪਤ ਕਰਨਗੇ | ਉਨ੍ਹਾਂ ਕਿਹਾ ਕਿ ਰਜਿਸਟ੍ਰੇਸ਼ਨ ਦੇ 15 ਦਿਨਾਂ ਦੇ ਅੰਦਰ ਮੁਫ਼ਤ ਸਿਹਤ ਬੀਮਾ ਕਾਰਡ ਉਨ੍ਹਾਂ ਦੇ ਘਰਾਂ ਤੱਕ ਪਹੁੰਚਾ ਦਿੱਤਾ ਜਾਵੇਗਾ |