ਫਗਵਾੜਾ, 24 ਜਨਵਰੀ (ਅਸ਼ੋਕ ਕੁਮਾਰ ਵਾਲੀਆ)- ਲਘੂ ਉਦਯੋਗ ਭਾਰਤੀ ਫਗਵਾੜਾ ਦੀ ਮੀਟਿੰਗ ਹੋਟਲ ਗ੍ਰੈਂਡ ਅੰਬੈਸਡਰ ਵਿਚ ਵੱਡੀ ਸਫਲਤਾ ਨਾਲ ਹੋਈ | ਮੀਟਿੰਗ ਵਿਚ ਪੰਜਾਬ ਦੇ ਉਦਯੋਗ ਅਤੇ ਵਪਾਰ ਵਿਭਾਗ ਦੇ ਜੁਆਇੰਟ ਡਾਇਰੈਕਟਰ ਸੁਖਪਾਲ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਹਾਲ ਹੀ ਵਿਚ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ (ਡੀ.ਆਈ.ਸੀ.) ਕਪੂਰਥਲਾ ਤੋਂ ਪੰਜਾਬ ਦੇ ਜੁਆਇੰਟ ਡਾਇਰੈਕਟਰ ਦੇ ਅਹੁਦੇ 'ਤੇ ਉਨ੍ਹਾਂ ਦੀ ਤਰੱਕੀ ਲਈ ਸਨਮਾਨਿਤ ਕੀਤਾ ਗਿਆ | ਸੁਖਪਾਲ ਸਿੰਘ ਨੇ ਆਪਣੇ ਸੰਬੋਧਨ ਵਿਚ ਪੰਜਾਬ ਦੇ ਉਦਯੋਗਿਕ ਖੇਤਰ ਦੇ ਵਿਕਾਸ ਲਈ ਲਾਗੂ ਸਰਕਾਰੀ ਯੋਜਨਾਵਾਂ, ਨੀਤੀਆਂ ਤੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਨੇ 2020 ਵਿਚ ਡੀ.ਆਈ.ਸੀ. ਕਪੂਰਥਲਾ ਵਿਚ ਜਨਰਲ ਮੈਨੇਜਰ ਵਜੋਂ ਤੇ ਖ਼ਾਸ ਤੌਰ 'ਤੇ ਕੋਵਿਡ-19 ਮਹਾਂਮਾਰੀ ਦੌਰਾਨ ਉਦਯੋਗਾਂ ਲਈ ਕੀਤੇ ਯਤਨਾਂ ਨੂੰ ਵੀ ਸਾਂਝਾ ਕੀਤਾ | ਲਘੂ ਉਦਯੋਗ ਭਾਰਤੀ ਪੰਜਾਬ ਦੇ ਸਾਬਕਾ ਪ੍ਰਧਾਨ ਅਸ਼ੋਕ ਗੁਪਤਾ ਨੇ ਉਦਯੋਗਿਕ ਖੇਤਰਾਂ ਵਿਚ ਵਪਾਰ ਸੁਗਮਤਾ ਯਕੀਨੀ ਬਣਾਉਣ ਤੇ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕਰਨ ਲਈ ਪ੍ਰਭਾਵਸ਼ਾਲੀ ਸਿੰਗਲ ਵਿੰਡੋ ਸਿਸਟਮ ਦੀ ਲੋੜ 'ਤੇ ਜ਼ੋਰ ਦਿੱਤਾ | ਮੀਟਿੰਗ ਦੌਰਾਨ ਲਘੂ ਉਦਯੋਗ ਭਾਰਤੀ ਫਗਵਾੜਾ ਦੇ ਪ੍ਰਧਾਨ ਆਈ.ਪੀ. ਖੁਰਾਨਾ ਨੇ ਕਿਹਾ ਕਿ ਲਘੂ ਉਦਯੋਗ ਪੰਜਾਬ ਦੇ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਹਨ | ਇਹ ਛੋਟੇ ਅਤੇ ਮੱਧਮ ਪੱਧਰ ਦੇ ਉਦਯੋਗ ਰੋਜ਼ਗਾਰ ਦੇ ਮੌਕੇ ਪੈਦਾ ਕਰਦੇ ਹਨ ਅਤੇ ਸਥਾਨਕ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਦਿੰਦੇ ਹਨ | ਮੀਟਿੰਗ ਵਿਚ ਹਾਜ਼ਰ ਮੈਂਬਰਾਂ ਨੇ ਲਘੂ ਉਦਯੋਗ ਖੇਤਰ ਦੀਆਂ ਸਮੱਸਿਆਵਾਂ ਤੇ ਵਿਕਾਸ ਦੀਆਂ ਲੋੜਾਂ ਬਾਰੇ ਡੁੰਘਾਈ ਨਾਲ ਚਰਚਾ ਕੀਤੀ ਤੇ ਸਰਕਾਰ ਤੋਂ ਸਰਗਰਮ ਸਹਿਯੋਗ ਦੀ ਉਮੀਦ ਜਤਾਈ | ਇਸ ਮੌਕੇ ਅਰਵਿੰਦ ਬੱਗਾ ਸਕਤਰ, ਸਾਬਕਾ ਪ੍ਰਧਾਨ ਸੁਬੋਧ ਸੋਬਤੀ, ਪਵਨ ਕੁਮਾਰ ਕਾਲੜਾ, ਡਾ. ਵੀ.ਐਸ. ਗੰਭੀਰ, ਸੀ.ਏ. ਰਵਿੰਦਰ ਗੁਲਾਟੀ, ਪ੍ਰਸ਼ਾਂਤ ਉੱਪਲ, ਸੁਮਿਤ ਸ਼ਰਮਾ, ਰਾਜਿੰਦਰ ਸੌਂਧੀ, ਗੌਰਵ ਸਹਦੇਵ, ਅਸ਼ਵਨੀ ਕੰਸਾਰਾ, ਸੁਰਿੰਦਰ ਚਾਵਲਾ, ਗੌਰਵ ਹਾਂਡਾ, ਮੋਹਿੰਦਰ ਸੇਠੀ, ਅਜੀਤ ਸਿੰਘ ਵਾਲੀਆ ਅਤੇ ਰਣਜੀਤ ਸਿੰਘ ਖੁਰਾਨਾ ਸਮੇਤ ਹੋਰ ਮੈਂਬਰ ਹਾਜ਼ਰ ਸਨ |